ਕਸ਼ਮੀਰ ਵਿੱਚ ਹਾਲਾਤ ਬਹੁਤ ਮਾੜੇ: ਆਜ਼ਾਦ

ਜੰਮੂ: ਰਾਜ ਸਭਾ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਵਾਦੀ ਵਿੱਚ ਹਾਲਾਤ ਬਹੁਤ ਮਾੜੇ ਹਨ। ਅਦਾਲਤੀ ਪ੍ਰਵਾਨਗੀ ਮਗਰੋਂ ਛੇ ਰੋਜ਼ਾ ਫੇਰੀ ਤਹਿਤ ਜੰਮੂ-ਕਸ਼ਮੀਰ ਆਏ ਆਜ਼ਾਦ ਨੇ ਆਪਣੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਵਾਦੀ ਵਿੱਚ ਹਾਲਾਤ ਬਹੁਤ ਮਾੜੇ ਹਨ। ਮੈਂ ਮੀਡੀਆ ਨਾਲ ਇਸ ਤੋਂ ਵੱਧ ਗੱਲ ਨਹੀਂ ਕਰ ਸਕਦਾ। ਛੇ ਰੋਜ਼ਾ ਫ਼ੇਰੀ ਮੁੱਕਣ ਮਗਰੋਂ ਮੈਂ ਆਪਣੀ ਗੱਲ ਰੱਖਾਂਗਾ।’ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਸੁਪਰੀਮ ਕੋਰਟ ਨੂੰ ਰਿਪੋਰਟ ਸੌਂਪਣ ਸਬੰਧੀ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਉਨ੍ਹਾਂ ਦੀ ਦਿੱਲੀ ਵਾਪਸੀ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਕਿਹਾ, ‘‘ਮੈਂ ਵਾਦੀ ਦੀ ਫੇਰੀ ਦੌਰਾਨ ਜਿਹੜੀਆਂ ਥਾਵਾਂ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ, ਉਨ੍ਹਾਂ ’ਚੋਂ ਪ੍ਰਸ਼ਾਸਨ ਨੇ ਮੈਨੂੰ 10 ਫ਼ੀਸਦੀ ਥਾਵਾਂ ’ਤੇ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ।’’ ਸਿਆਸੀ ਆਗੂਆਂ ਦੀ ਹਿਰਾਸਤ ਤੇ ਸਿਆਸੀ ਸਰਗਰਮੀਆਂ ’ਤੇ ਲੱਗੀਆਂ ਰੋਕਾਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਆਜ਼ਾਦ ਨੇ ਕਿਹਾ, ‘ਜੰਮੂ ਤੇ ਕਸ਼ਮੀਰ ਵਿੱਚ ਬੋਲਣ ਦੀ ਆਜ਼ਾਦੀ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਈ।’ ਦੱਸਣਯੋਗ ਹੈ ਕਿ ਆਜ਼ਾਦ ਦੀ ਜੰਮੂ ਕਸ਼ਮੀਰ ਫੇਰੀ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਹੀ ਸੰਭਵ ਹੋ ਸਕੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਿੰਨ ਵਾਰ ਵਾਦੀ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ।

Previous articleUK MPs to return to Parliament after SC verdict
Next articleImran says Trump, MBS want him to be Iran intermediary