ਤਰਨਤਾਰਨ : ਤਰਨਤਾਰਨ-ਖਡੂਰ ਸਾਹਿਬ ਮਾਰਗ ‘ਤੇ ਪੈਂਦੇ ਪਿੰਡ ਕਲੇਰ ਵਿਖੇ 4 ਸਤੰਬਰ ਦੀ ਰਾਤ ਨੂੰ ਹੋਏ ਬੰਬ ਧਮਾਕੇ ‘ਚ ਗਿ੍ਫ਼ਤਾਰ 6 ਮੁਲਜ਼ਮਾਂ ਨੂੰ ਪੁਲਿਸ ਨੇ ਸੋਮਵਾਰ ਤਰਨਤਾਰਨ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਨ੍ਹਾਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਕੇਂਦਰੀ ਜੇਲ੍ਹ ਅੰਮਿ੍ਤਸਰ ਭੇਜ ਦਿੱਤਾ ਹੈ।
4 ਸਤੰਬਰ ਦੀ ਰਾਤ ਕਰੀਬ ਸਾਢੇ ਅੱਠ ਵਜੇ ਕਲੇਰ ਪਿੰਡ ਦੇ ਖ਼ਾਲੀ ਪਲਾਟ ‘ਚ ਦੱਬੀ ਵਿਸਫੋਟਕ ਸਮੱਗਰੀ ਨੂੰ ਕੱਢਣ ਮੌਕੇ ਹੋਏ ਧਮਾਕੇ ਦੌਰਾਨ ਦੋ ਨੌਜਵਾਨ ਬਿਕਰਮਜੀਤ ਸਿੰਘ ਉਰਫ ਬਿੱਕਰ ਵਾਸੀ ਕੱਦਗਿੱਲ ਅਤੇ ਹਰਪ੍ਰਰੀਤ ਸਿੰਘ ਉਰਫ ਹੈਪੀ ਵਾਸੀ ਬੱਚੜੇ ਦੀ ਮੌਤ ਹੋ ਗਈ ਸੀ ਜਦੋਂਕਿ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਬੱਚੜੇ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਨੇ ਕੜੀ ਦਰ ਕੜੀ ਜੋੜਦਿਆਂ ਸੱਤ ਸ਼ੱਕੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਜਾਂਚ ਦੌਰਾਨ ਕਬੂਲਿਆ ਸੀ ਕਿ ਉਨ੍ਹਾਂ ਵੱਲੋਂ ਧਾਰਮਿਕ ਡੇਰਿਆਂ ਤੇ ਵੀਵੀਆਈਪੀ ‘ਤੇ ਹਮਲੇ ਕਰਨ ਦੀ ਯੋਜਨਾ ਸੀ।
ਗਿ੍ਫ਼ਤਾਰ ਕੀਤੇ ਗਏ ਮਨਦੀਪ ਸਿੰਘ ਮੱਸਾ ਵਾਸੀ ਦੀਨੇਵਾਲ ਨੇ ‘ਕਰ ਭਲਾ ਹੋ ਭਲਾ’ ਨਾਂ ਦੀ ਸਮਾਜ ਸੇਵੀ ਸੰਸਥਾ ਵੀ ਬਣਾਈ ਹੋਈ ਸੀ। ਹਰਜੀਤ ਸਿੰਘ, ਮਨਪ੍ਰਰੀਤ ਸਿੰਘ ਮਾਨ, ਚੰਨਦੀਪ ਸਿੰਘ ਖ਼ਾਲਸਾ ਉਰਫ ਗੱਬਰ ਸਿੰਘ, ਮਲਕੀਤ ਸਿੰਘ ਉਰਫ਼ ਸ਼ੇਰ ਸਿੰਘ ਉਰਫ ਸ਼ੇਰਾ, ਅੰਮਿ੍ਤਪਾਲ ਸਿੰਘ ਉਰਫ਼ ਅੰਮਿ੍ਤ, ਅਮਰਜੀਤ ਸਿੰਘ ਉਰਫ਼ ਅਮਰ ਤੇ ਮਨਦੀਪ ਸਿੰਘ ਮੱਸਾ ਨੂੰ ਅਦਾਲਤ ਦੇ ਹੁਕਮਾਂ ‘ਤੇ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ। ਬਾਕੀ ਦੇ ਛੇ ਮੁਲਜਮਾਂ ਨੂੰ ਰਿਮਾਂਡ ਖਤਮ ਹੋਣ ਉਪਰੰਤ ਸੋਮਵਾਰ ਨੂੰ ਜਾਂਚ ਅਧਿਕਾਰੀ ਡੀਐੱਸਪੀ ਸ੍ਰੀ ਗੋਇੰਦਵਾਲ ਸਾਹਿਬ ਰਵਿੰਦਰਪਾਲ ਸਿੰਘ ਢਿੱਲੋਂ ਤੇ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਇਲਾਕਾ ਮੈਜਿਸਟ੍ਰੇਟ ਅਮਨਦੀਪ ਕੌਰ ਏਸੀਜੇਐੱ ਦੀ ਅਦਾਲਤ ਵਿਚ ਪੇਸ਼ ਕੀਤਾ।
ਇਨ੍ਹਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਦੇਵ ਸਿੰਘ ਦੀਆਂ ਦਲੀਲਾਂ ਤੋਂ ਬਾਅਦ ਸਾਰੇ ਨੌਜਵਾਨਾਂ ਨੂੰ ਜੁਡੀਸ਼ੀਅਲ ਹਿਰਾਸਤ ‘ਚ ਕੇਂਦਰੀ ਜੇਲ੍ਹ ਅੰਮਿ੍ਤਸਰ ਭੇਜ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਸਾਰੇ ਮੁਲਜ਼ਮਾਂ ਨੂੰ ਸਵੇਰੇ 10 ਵਜੇ ਅਦਾਲਤ ਵਿਚ ਪੇਸ਼ ਕਰਨਾ ਸੀ ਪਰ ਪੁਲਿਸ ਇਨ੍ਹਾਂ ਨੂੰ ਪੌਣੇ ਤਿੰਨ ਵਜੇ ਪੇਸ਼ ਕਰਨ ਲਈ ਪਹੁੰਚੀ, ਜਿਸ ‘ਤੇ ਅਦਾਲਤ ਨੇ ਪੁਲਿਸ ਨੂੰ ਝਾੜ ਵੀ ਪਾਈ। ਐਡਵੋਕੇਟ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਿ੍ਫ਼ਤਾਰ ਕੀਤੇ ਲੋਕਾਂ ਵਿਰੁੱਧ ਦੇਸ਼ ਧ੍ਰੋਹ ਦੀਆਂ ਧਾਰਾਵਾਂ ਵਿਚ ਵਾਧਾ ਕੀਤਾ ਜਦਂਕਿ ਉਨ੍ਹਾਂ ਵੱਲੋਂ ਮੰਗੇ ਗਏ ਪੁਲਿਸ ਰਿਮਾਂਡ ਨੂੰ ਗਲਤ ਠਹਿਰਾਉਂਦਿਆਂ ਜੇਲ ਭੇਜਿਆ ਗਿਆ ਹੈ। ਉਨ੍ਹਾਂ ਨੌਜਵਾਨਾਂ ਦਾ ਮੈਡੀਕਲ ਕਰਵਾਉਣ ਲਈ ਵੀ ਅਰਜ਼ੀ ਲਾਈ ਹੈ।
ਕਈ ਹਸਤੀਆਂ ਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸੀ ਯੋਜਨਾ
ਪੰਡੋਰੀ ਗੋਲਾ ਦੇ ਨਜ਼ਦੀਕ ਇਹ ਧਮਾਕਾ ਉਸ ਵੇਲੇ ਹੋਇਆ ਸੀ ਜਦੋਂ ਮਾਰੇ ਗਏ ਵਿਅਕਤੀ ਬਾਰੂਦ ਦੀ ਖੇਪ ਨੂੰ ਕੱਢਣ ਲਈ ਇਕ ਟੋਆ ਪੁੱਟ ਰਹੇ ਸਨ। ਪੰਜਾਬ ਪੁਲਿਸ ਨੇ ਇਸ ਸਬੰਧੀ 7 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਦੋਂਕਿ ਮੁੱਖ ਸ਼ਾਜਿਸਘਾੜੇ ਤੇ ਇਸ ਗਿਰੋਹ ਦੇ 7 ਹੋਰ ਮੈਂਬਰ ਅਜੇ ਵੀ ਭਗੌੜੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਸ਼ਾਜਿਸਘਾੜਾ ਬਿਕਰਮਜੀਤ ਸਿੰਘ ਆਸਟ੍ਰੀਆ ਵਿਖੇ ਰਹਿ ਰਿਹਾ ਹੈ। ਇਨ੍ਹਾਂ ਵੱਲੋਂ ਉੱਘੀਆਂ ਸਿਆਸੀ ਹਸਤੀਆਂ, ਸਮਾਜਿਕ-ਧਾਰਮਿਕ ਸੰਸਥਾਵਾਂ, ਸਥਾਨਕ ਵਿਰੋਧੀ ਸਿਆਸਤਦਾਨਾਂ, ਹਿੰਦੂ ਆਗੂਆਂ ਨੂੰ ਦੇਸੀ ਬੰਬਾਂ ਨਾਲ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।