ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋ) ਦਾ ਕਹਿਣਾ ਹੈ ਕਿ ਉਸ ਨੂੰ ਵਿਅਕਤੀਗਤ ਸਨਮਾਨ ਨਹੀਂ ਚਾਹੀਦਾ, ਪਰ ਉਹ ਚਾਹੁੰਦਾ ਹੈ ਕਿ ਉਸ ਦੇ ਸਾਬਕਾ ਕੋਚ ਅਨਿਲ ਧਨਖੜ ਨੂੰ ਸਨਮਾਨਿਆ ਜਾਵੇ। ਉਹ ਸ਼ਨਿੱਚਰਵਾਰ ਨੂੰ ਰੂਸ ਦੇ ਐਕਾਤਰਿਨਬਰਗ ਵਿੱਚ ਖ਼ਤਮ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣਿਆ। ਉਹ ਏਸ਼ਿਅਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਗ਼ਮਾ ਜਿੱਤ ਚੁੱਕਿਆ ਹੈ।
ਅਰਜੁਨ ਪੁਰਸਕਾਰ ਲਈ ਉਸ ਨੂੰ ਅਣਗੌਲਿਆ ਕੀਤਾ ਗਿਆ ਕਿਉਂਕਿ ਸਾਲ 2012 ਵਿੱਚ ਚਿਕਨ ਪੌਕਸ ਦੇ ਇਲਾਜ ਲਈ ਵਰਤੀ ਗਈ ਦਵਾਈ ਕਾਰਨ ਉਸ ਤੋਂ ਡੋਪਿੰਗ ਦੀ ਉਲੰਘਣਾ ਹੋ ਗਈ ਸੀ। ਡੋਪ ਟੈਸਟ ਵਿੱਚ ਅਸਫਲ ਹੋਣ ਕਾਰਨ ਉਸ ’ਤੇ ਇੱਕ ਸਾਲ ਦੀ ਪਾਬੰਦੀ ਵੀ ਲੱਗੀ ਸੀ।
ਉਸ ਨੇ ਕਿਹਾ, ‘‘ਮੈਂ ਪੁਰਸਕਾਰਾਂ ਦੀ ਪ੍ਰਵਾਹ ਨਹੀਂ ਕਰਦਾ, ਪਰ ਮੈਨੂੰ ਖ਼ੁਸ਼ੀ ਹੋਵੇਗੀ ਜੇਕਰ ਮੇਰੇ ਸਾਬਕਾ ਕੋਚ ਅਨਿਲ ਧਨਖੜ ਦੇ ਨਾਂਅ ਨੂੰ ਦਰੋਣਾਚਾਰੀਆ ਐਵਾਰਡ ਲਈ ਵਿਚਾਰ ਕੀਤਾ ਜਾਵੇ। ਉਸ ਨੇ ਸ਼ੁਰੂਆਤੀ ਸਾਲਾਂ ਵਿੱਚ ਮੈਨੂੰ ਸਿਖਲਾਈ ਦਿੱਤੀ ਹੈ ਅਤੇ ਜੇਕਰ ਉਹ ਨਾ ਹੁੰਦੇ ਤਾਂ ਮੈਂ ਅੱਜ ਅਜਿਹਾ ਮੁੱਕੇਬਾਜ਼ ਨਾ ਹੁੰਦਾ।’’ ਉਨ੍ਹਾਂ ਕਿਹਾ, ‘‘ਹੁਣ ਵੀ ਕਿਸੇ ਮਾਮਲੇ ਵਿੱਚ ਜਦੋਂ ਮੈਨੂੰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਤਾਂ ਮੈਂ ਧਨਖੜ ਸਰ ਕੋਲ ਜਾਂਦਾ ਹਾਂ। ਉਨ੍ਹਾਂ ਨੂੰ ਪੁਰਸਕਾਰ ਮਿਲਣ ਦਾ ਮਤਲਬ ਮੈਨੂੰ ਪੁਰਸਕਾਰ ਮਿਲਣਾ ਹੋਵੇਗਾ। ਸਗੋਂ ਮੈਨੂੰ ਜ਼ਿਆਦਾ ਖ਼ੁਸ਼ੀ ਹੋਵੇਗੀ।’’ ਭਾਰਤ ਫ਼ੌਜ ਦੇ 23 ਸਾਲਾ ਨਾਇਬ ਸੂਬੇਦਾਰ ਪੰਘਾਲ ਪਿਛਲੇ ਦੋ ਸਾਲਾਂ ਤੋਂ ਸ਼ਾਨਦਾਰ ਲੈਅ ਵਿੱਚ ਹੈ। ਉਸ ਨੇ 49 ਕਿਲੋ ਤੋਂ 52 ਕਿਲੋ ਵਜ਼ਨ ਵਰਗ ਵਿੱਚ ਖੇਡਣ ਦਾ ਫ਼ੈਸਲਾ ਕੀਤਾ, ਪਰ ਇਸ ਬਦਲਾਅ ਦੇ ਬਾਵਜੂਦ ਉਸ ਦੇ ਪ੍ਰਦਰਸ਼ਨ ’ਤੇ ਕੋਈ ਅਸਰ ਨਹੀਂ ਪਿਆ। ਹੁਣ ਉਹ ਅਗਲੇ ਸਾਲ ਫਰਵਰੀ ਵਿੱਚ ਚੀਨ ਵਿੱਚ ਹੋਣ ਵਾਲੇ ਏਸ਼ਿਆਈ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਹਿੱਸਾ ਲਵੇਗਾ। ਉਸ ਨੇ ਕਿਹਾ, ‘‘ਇਹ ਇੱਕ ਹੋਰ ਚੁਣੌਤੀ ਹੈ ਅਤੇ ਮੈਂ ਇਸ ਵਿੱਚ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ।’’
Sports ਮੇਰਾ ਨਹੀਂ ਮੇਰੇ ਕੋਚ ਦਾ ਸਨਮਾਨ ਕਰੋ: ਪੰਘਾਲ