ਕੁਦਰਤ ਅਤੇ ਮਨੁੱਖ ਦਾ ਰਿਸ਼ਤਾ ਮਾਂ-ਪੁੱਤਰ ਦੀ ਤਰ੍ਹਾਂ ਹੈ, ਇਸ ਲਈ ਮਨੁੱਖ ਨੂੰ ਕੁਦਰਤ ਤੋਂ ਜ਼ਰੂਰਤ ਮੁਤਾਬਕ ਹੀ ਕੰਮ ਲੈਣਾ ਚਾਹੀਦਾ ਹੈ। ਸਾਬਕਾ ਕੇਂਦਰੀ ਮਨੁੱਖੀ ਸਰੋਸ ਵਿਕਾਸ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਇਹ ਵਿਚਾਰ ਪੰਜਾਬ ਯੂਨੀਵਰਸਿਟੀ ਵਿਖੇ ‘ਵਾਤਾਵਰਨ ਅਤੇ ਪਾਣੀ ਦੀ ਵਿਸ਼ਵ ਪੱਧਰੀ ਸਮੱਸਿਆ ਅਤੇ ਉਸ ਦੇ ਹੱਲ’ ਵਿਸ਼ੇ ਸਬੰਧੀ ਪੰਚਨਾਦ ਸ਼ੋਧ ਸੰਸਥਾਨ, ਪੰਜਾਬ ਯੂਨੀਵਰਸਿਟੀ ਦੇ ਵਾਤਾਵਰਨ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਾਤਾਵਰਨ ਵਿਭਾਗ ਵੱਲੋਂ ਕਰਵਾਏ ਗਏ ਦੋ ਦਿਨਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਹ ਦੋ ਦਿਨਾ ਪ੍ਰੋਗਰਾਮ ਅੱਜ ਐਤਵਾਰ ਨੂੰ ਸਮਾਪਤ ਹੋ ਗਿਆ।
ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਕਮੇਟੀ ਦੇ ਚੇਅਰਮੈਨ ਜਸਟਿਸ ਪ੍ਰੀਤਮਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਪੀ.ਯੂ. ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ, ਡਾ. ਕੇ.ਐਸ. ਆਰੀਆ, ਪੰਚਨਾਦ ਸ਼ੋਧ ਸੰਸਥਾਨ ਦੇ ਡਾਇਰੈਕਟਰ ਪ੍ਰੋ. ਬੀ.ਕੇ. ਕੁਠਿਆਲਾ, ਪੀ.ਯੂ. ਦੇ ਵਾਤਾਵਰਣ ਵਿਭਾਗ ਦੇ ਚੇਅਰਪਰਸਨ ਡਾ. ਸੁਮਨ ਮੋਰ ਵੀ ਹਾਜ਼ਰ ਹੋਏ।
ਡਾ. ਜੋਸ਼ੀ ਨੇ ਕਿਹਾ ਕਿ ਘਰਾਂ ਵਿਚ ਅਜਿਹੇ ਮਾਡਲ ਬਣਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਊਰਜਾ ਦੀ ਖਪਤ ਬਹੁਤ ਘੱਟ ਹੋਵੇ ਅਤੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਨਾ ਹੋ ਸਕੇ। ਪਾਣੀ ਨੂੰ ਮਿੱਟੀ ਦੇ ਭਾਂਡਿਆਂ ਵਿਚ ਰੱਖਣ ਦੀ ਸਲਾਹ ਦਿੱਤੀ ਗਈ, ਪਲਾਸਟਿਕ ਦੀ ਵਰਤੋਂ ਬਹੁਤ ਘੱਟ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ। ਪਾਣੀ ਦੀ ਵਰਤੋਂ ਵੀ ਸੰਜਮ ਨਾਲ ਕਰਨ ਲਈ ਸਲਾਹ ਦਿੰਦਿਆਂ ਕਿਹਾ ਗਿਆ ਕਿ ਪਾਣੀ ਨੂੰ ਸਿਰਫ਼ ਜ਼ਰੂਰਤ ਮੁਤਾਬਕ ਹੀ ਵਰਤਿਆ ਜਾਵੇ ਅਤੇ ਵਿਅਰਥ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੱਛਮੀ ਸੱਭਿਅਤਾ ਅਤੇ ਭਾਰਤੀ ਸੱਭਿਅਤਾ ਦੀ ਬੁਨਿਆਦੀ ਸੋਚ ਵਿਚ ਬਹੁਤ ਵੱਡਾ ਫ਼ਰਕ ਹੈ। ਉਨ੍ਹਾਂ ਦਾ ਮਾਡਲ ਕੁਦਰਤ ਦੇ ਸ਼ੋਸ਼ਣ ’ਤੇ ਅਧਾਰਿਤ ਹੈ ਜਦਕਿ ਭਾਰਤੀ ਸੱਭਿਅਤਾ ਵਿਚ ਅਜਿਹਾ ਨਹੀਂ ਹੈ। ਉਨ੍ਹਾਂ ਦੁਨੀਆਂ ਦੀਆਂ ਵਧੇਰੇ ਮੁਸੀਬਤਾਂ ਦੀ ਜੜ੍ਹ ਮਾਰਕੀਟ ਦੀ ਅਰਥ ਵਿਵਸਥਾ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਟਰੰਪ ਅਤੇ ਚੀਨ ਦੀ ਲੜਾਈ ਵੀ ਮਾਰਕੀਟ ਸ਼ੇਅਰ ਨੂੰ ਲੈ ਕੇ ਹੀ ਹੈ।
ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਇੱਕ ਕਮੇਟੀ ਦੇ ਚੇਅਰਮੈਨ ਜਸਟਿਸ ਪ੍ਰੀਤਮਪਾਲ ਸਿੰਘ ਨੇ ਪਾਣੀ ਦੇ ਪ੍ਰਦੂਸ਼ਿਤ ਹੋਣ ਬਾਰੇ ਕੁਝ ਉਦਾਹਰਨਾਂ ਦੇ ਕੇ ਸਮਝਾਇਆ। ਉਨ੍ਹਾਂ ਕਿਹਾ ਕਿ ਬਿਆਸ ਦੇ ਕੋਲ ਇੱਕ ਖੰਡ ਮਿੱਲ ਦੇ ਪਲਾਂਟ ਦੇ ਸੀਰੇ ਨੇ ਡੇਢ ਲੱਖ ਤੋਂ ਜ਼ਿਆਦਾ ਮੱਛੀਆਂ ਮਾਰ ਦਿੱਤੀਆਂ, ਲੁਧਿਆਣਾ ਦਾ ਬੁੱਢਾ ਨਾਲ਼ਾ ਸਤਲੁਜ ਦਰਿਆ ਵਿਚ ਜਾਂਦਾ ਹੈ ਜੋ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਅੰਜਾਮ ਦਿੰਦਾ ਹੈ। ਉਨ੍ਹਾਂ ਨੇ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਕੰਮਾਂ ਦੀ ਉਦਾਹਰਨ ਦਿੰਦਿਆਂ ਖੂਬ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕੀਤੇ ਕੰਮ ਪ੍ਰੇਰਨਾਦਾਇਕ ਹਨ।
ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਠੀਕ ਢੰਗ ਨਾਲ ਕੰਮ ਨਾ ਕੀਤੇ ਜਾਣ ਦੀ ਗੱਲ ਵੀ ਕਹੀ। ਹਰਿਆਣਾ ਦੀ ਸਰਸਵਤੀ ਨਦੀ ਵਿਚ ਪੰਜ ਫੈਕਟਰੀਆਂ ਦਾ ਦੂਸ਼ਿਤ ਪਾਣੀ ਅੰਡਰਗਰਾਉੂਂਡ ਪਾਈਪ ਰਾਹੀਂ ਪਹੁੰਚਾਉਣ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ। ਅੰਤ ਵਿਚ ਜਸਟਿਸ ਪ੍ਰੀਤਮਪਾਲ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਜਨੂੰਨੀ ਢੰਗ ਨਾਲ ਕੰਮ ਕਰਨ ਦੀ ਜ਼ਰੂਰਤ ਹੈ।
INDIA ਮਨੁੱਖਤਾ ਦੇ ਭਲੇ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ:...