ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ

ਐੱਸਟੀਐੱਫ ਨੇ 26 ਸਾਲਾ ਨੌਜਵਾਨ ਨੂੰ ਇੱਕ ਕਰੋੜ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਟੀਐੱਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਸ਼ਨਾਖ਼ਤ ਸਰਬਜੀਤ ਸਿੰਘ ਬਿੱਲਾ ਵਾਸੀ ਬਲਦੇਵ ਨਗਰ ਬਸਤੀ ਜੋਧੇਵਾਲ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਤਕਰੀਬਨ ਇੱਕ ਸਾਲ ਤੋਂ ਇਹ ਕੰਮ ਕਰ ਰਿਹਾ ਸੀ।
ਬੀਤੀ ਰਾਤ ਉਹ ਬਸਤੀ ਜੋਧੇਵਾਲ ਨੇੜੇ ਜਾ ਰਿਹਾ ਸੀ ਕਿ ਪੁਲੀਸ ਨੇ ਉਸ ਦੀ ਸਕੂਟਰੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਰੁਕਣ ਦੀ ਥਾਂ ਸਕੂਟਰੀ ਭਜਾ ਲਈ। ਪੁਲੀਸ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਸਕੂਟਰੀ ਦੀ ਡਿੱਗੀ ’ਚ ਰੱਖੀ 195 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1 ਕਰੋੜ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਲੜਾਈ ਝਗੜਾ ਕਰਨ ਸਮੇਤ ਕੁਝ ਹੋਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਵਿਹਲਾ ਹੋਣ ਕਰਕੇ ਇਸ ਧੰਦੇ ਵਿੱਚ ਲੱਗ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਸ ਨੇ ਇਹ ਹੈਰੋਇਨ ਗੰਨੂ ਪਾਸੋਂ ਖਰੀਦੀ ਸੀ ਜੋ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੌਰਾਨ ਕਈ ਹੋਰ ਪ੍ਰਗਟਾਵੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਉਸ ਤੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਹੋਰ ਕਿਥੋਂ ਕਿਥੋਂ ਹੈਰੋਇਨ ਖਰੀਦਦਾਰੀ ਕਰਦਾ ਹੈ ਅਤੇ ਕਿਸ ਕਿਸ ਨੂੰ ਵੇਚਦਾ ਹੈ।

Previous articleਮਲਾਲਾ ਨੇ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ’ਚ ਸ਼ਾਂਤੀ ਲਿਆਉਣ ਦੀ ਅਪੀਲ ਕੀਤੀ
Next articleਧਰਮ ਦੇ ਨਾਮ ’ਤੇ ਪੈਸੇ ਇਕੱਠੇ ਕਰਨੇ ਚਾਹੁੰਦੈ ਪਾਿਕ: ਸੁਖਬੀਰ