ਸਟਾਰ ਫਾਰਵਰਡ ਰਾਣੀ ਰਾਮਪਾਲ ਨੂੰ ਅੱਜ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣਾਇਆ ਗਿਆ ਹੈ, ਜੋ 27 ਸਤੰਬਰ ਤੋਂ ਮਾਰਲੋ ਵਿੱਚ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਲੜੀ ਵਿੱਚ ਇੰਗਲੈਂਡ ਨਾਲ ਭਿੜੇਗੀ। ਲੜੀ 27 ਸਤੰਬਰ ਤੋਂ ਚਾਰ ਅਕਤੂਬਰ ਤੱਕ ਖੇਡੀ ਜਾਵੇਗੀ ਅਤੇ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ।
ਹਾਲ ਹੀ ਵਿੱਚ ਜਾਪਾਨ ਵਿੱਚ ਓਲੰਪਿਕ ਟੈਸਟ ਟੂਰਨਾਮੈਂਟ ਵਿੱਚ ਟੀਮ ਦੀ ਜਿੱਤ ਮਗਰੋਂ ਸਵਿਤਾ ਅਤੇ ਰਜਨੀ ਇਤਿਮਾਰਪੂ ਨੇ ਟੀਮ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਡਿਫੈਂਡਰ ਦੀਪਾ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਖਰ ਅਤੇ ਸਲੀਮਾ ਟੇਟੇ ਨੂੰ ਵੀ ਟੀਮ ਵਿੱਚ ਰੱਖਿਆ ਗਿਆ ਹੈ। ਹਾਕੀ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਮਿਡਫੀਲਡ ਵਿੱਚ ਅਨੁਭਵੀ ਨਮਿਤਾ ਟੋਪੋ ਦੀ ਵਾਪਸੀ ਹੋਈ ਹੈ, ਜੋ ਸੱਟ ਕਾਰਨ ਬਾਹਰ ਸੀ। ਭਾਰਤੀ ਮਿਡਫੀਲਡ ਵਿੱਚ ਮਾਹਿਰ ਖਿਡਾਰਨ ਸੁਸ਼ੀਲਾ ਚਾਨੂ ਪੁਖਰੰਬਮ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ ਅਤੇ ਲਿਲਿਮਾ ਮਿੰਜ ਸ਼ਾਮਲ ਹਨ। ਮੁੱਖ ਕੋਚ ਸਯੋਰਡ ਮਰੀਨ ਨੇ ਕਿਹਾ ਕਿ ਇਸ ਦੌਰੇ ਨਾਲ ਭਾਰਤੀ ਟੀਮ ਨੂੰ ਉੜੀਸਾ ਵਿੱਚ ਹੋਣ ਵਾਲੇ ਐੱਫਆਈਐੱਚ ਹਾਕੀ ਓਲੰਪਿਕ ਕੁਆਲੀਫਾਇਰ ਵਿੱਚ ਅਮਰੀਕਾ ਨਾਲ ਭਿੜਨ ਦੀਆਂ ਤਿਆਰੀਆਂ ਵਿੱਚ ਮਦਦ ਮਿਲੇਗੀ।
Sports ਇੰਗਲੈਂਡ ਦੌਰਾ: ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ ਰਾਣੀ ਹੱਥ