ਬਿਜਲੀ ਸਪਲਾਈ ਦਰੁਸਤ ਕਰਾਉਣ ਲਈ ਕੌਮੀ ਮਾਰਗ ’ਤੇ ਧਰਨਾ

ਪਿੰਡ ਹਿੰਮਤਪੁਰਾ ਦੀ ਮਾਸਟਰ ਦਰਸ਼ਨ ਸਿੰਘ ਬਸਤੀ, ਵਿਹੜਾ ਆਕੀ ਕਾ ਤੇ ਸੈਕੰਡਰੀ ਸਕੂਲ ਦੀ ਬਿਜਲੀ ਸਮਲਾਈ ਦਰੁਸਤ ਨਾ ਕਰਨ ਦੇ ਰੋਸ ਵਜੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਾਵਰਕੌਮ ਦੇ ਸਬ ਡਵੀਜ਼ਨ ਦਫ਼ਤਰ ਬਿਲਾਸਪੁਰ ਅੱਗੇ ਕੌਮੀ ਮਾਰਗ ’ਤੇ ਧਰਨਾ ਲਗਾਇਆ ਗਿਆ ਅਤੇ ਵਿਭਾਗ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖੇਤ ਮਜ਼ਦੂਰ ਆਗੂ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪਿੰਡ ਹਿੰਮਤਪੁਰਾ ਦੀਆਂ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਹੱਲ ਕਰਵਾਉਣ ਲਈ ਐੱਸਡੀਓ ਬਿਲਾਸਪੁਰ ਨੂੰ ਕਈ ਵਾਰੀ ਮਿਲਿਆ ਜਾ ਚੁੱਕਾ ਹੈ ਪਰ ਮਹਿਕਮੇ ਵੱਲੋਂ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

ਨੌਜਵਾਨ ਆਗੂ ਗੁਰਮੁੱਖ ਸਿੰਘ ਹਿੰਮਤਪੁਰਾ, ਮੇਜਰ ਸਿੰਘ ਕਾਲੇਕੇ, ਪ੍ਰਧਾਨ ਗੁਰਚਰਨ ਸਿੰਘ, ਬੁੂਟਾ ਸਿੰਘ ਭਾਗੀਕੇ, ਨੌਜਵਾਨ ਆਗੂ ਕਰਮ ਰਾਮਾਂ ਅਤੇ ਕਮਲਜੀਤ ਸਿੰਘ ਭਾਗੀਕੇ ਆਦਿ ਬੁਲਾਰਿਆਂ ਕਿਹਾ ਕਿ ਪਿੰਡ ਹਿੰਮਤਪੁਰਾ ਦੇ ਮੁੱਖ ਮਸਲੇ ਆਕੀ ਕੇ ਵਹਿੜੇ ਵਿਚ ਨਵਾਂ ਟਰਾਂਸਫਾਰਮਰ, ਮਾਸਟਰ ਦਰਸ਼ਨ ਸਿੰਘ ਬਸਤੀ ਵਿਚ ਪੱਕੀਆਂ ਤਾਰਾਂ ਅਤੇ ਖੰਭੇ, ਸਰਕਾਰੀ ਵੱਡੇ ਸਕੂਲ ਵਿਚ ਬਿਜਲੀ ਦੀ ਵੋਲਟੇਜ ਪੁੂਰੀ ਕਰਨ ਅਤੇ ਪ੍ਰਧਾਨ ਜੰਗੀਰ ਸਿੰਘ ਦੇ ਘਰ ਕੋਲ ਨਵਾਂ ਟਰਾਂਸਫਾਰਮਰ ਰੱਖਣ ਆਦਿ ਹੋਰ ਦਫ਼ਤਰ ਪੱਧਰ ਦੇ ਕੰਮ ਸਬ ਡਵੀਜ਼ਨ ਬਿਲਾਸਪੁਰ ਨੇ ਪਿਛਲੇ ਲੰਬੇ ਸਮੇਂ ਤੋਂ ਜਾਣ-ਬੁੱਝ ਕੇ ਲਮਕਾਏ ਹੋਏ ਹਨ। ਆਗੂਆਂ ਚਿਤਾਵਾਨੀ ਦਿੱਤੀ ਕਿ ਜੇਕਰ ਪਿੰਡ ਹਿੰਮਤਪੁਰਾ ਵਿਚ ਬਿਜਲੀ ਨਾਲ ਸਬੰਧਿਤ ਮਸਲੇ ਜਾਂ ਸਬ ਡਵੀਜ਼ਨ ਦੇ ਪਿੰਡਾਂ ਨਾਲ ਸਬੰਧਿਤ ਬਿਜਲੀ ਮਸਲੇ ਪਾਵਰਕੌਮ ਦੇ ਅਧਿਕਾਰੀਆਂ ਨੇ ਜਲਦੀ ਹੱਲ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Previous articleਬ੍ਰਹਮ ਮਹਿੰਦਰਾ ਦੀ ਹਾਲਤ ਗੰਭੀਰ
Next articleThey also served who are not seen at the Jantar Mantar