ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਮਕਬੂਜ਼ਾ ਕਸ਼ਮੀਰ ਨੂੰ ਦੱਸਿਆ ਸਰਕਾਰ ਦਾ ਸਿਖਰਲਾ ਏਜੰਡਾ
* ਪੀਓਕੇ ਵਿੱਚ ਫ਼ੌਜੀ ਕਾਰਵਾਈ ਦਾ ਫ਼ੈਸਲਾ ਸਰਕਾਰ ’ਤੇ ਮੁਨੱਸਰ
* ਪੀਓਕੇ ਉੱਤੇ ਕਬਜ਼ਾ ਨਰਸਿਮ੍ਹਾ ਰਾਓ ਸਰਕਾਰ ਵੱਲੋਂ ਪਾਸ ਮਤੇ ਦਾ ਹਿੱਸਾ ਕਰਾਰ
ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਭਾਰਤੀ ਫੌਜ, ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਪਾਕਿਸਤਾਨ ਦੇ ਕਬਜ਼ੇ ’ਚੋਂ ਛੁਡਵਾਉਣ ਲਈ ਕਿਸੇ ਵੀ ਅਪਰੇਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਨਰਲ ਰਾਵਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਦਫ਼ਤਰ ’ਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਇਕ ਬਿਆਨ ਵਿੱਚ ਸਾਫ਼ ਕਰ ਦਿੱਤਾ ਕਿ ਮੋਦੀ ਸਰਕਾਰ ਦਾ ਅਗਲਾ ਏਜੰਡਾ ਮਕਬੂਜ਼ਾ ਕਸ਼ਮੀਰ ਨੂੰ ਮੁੜ ਆਪਣੇ ਕਬਜ਼ੇ ’ਚ ਲੈ ਕੇ ਭਾਰਤ ਦਾ ਹਿੱਸਾ ਬਣਾਉਣਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਲ ਸੈਨਾ ਮੁਖੀ ਨੇ ਕਿਹਾ, ‘ਕਿਸੇ ਵੀ ਕਾਰਵਾਈ ਦਾ ਫ਼ੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ। ਸਰਕਾਰ ਅਧੀਨ ਕੰਮ ਕਰਦੀਆਂ ਏਜੰਸੀਆਂ ਉਸ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਕ ਹੀ ਕੰਮ ਕਰਨਗੀਆਂ।
ਥਲ ਸੈਨਾ ਕਿਸੇ ਵੀ ਕਾਰਵਾਈ ਲਈ ਹਮੇਸ਼ਾ ਤਿਆਰ ਰਹਿੰਦੀ ਹੈ।’ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਜਿਨ੍ਹਾਂ ਕੋਲ ਉੱਤਰ ਪੂਰਬ ਰਾਜ ਦੇ ਵਿਕਾਸ ਸਬੰਧੀ (ਡੀਓਐੱਨਈਆਰ) ਸੁਤੰਤਰ ਚਾਰਜ ਵੀ ਹੈ, ਨੇ ਜੰਮੂ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸੌ ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸਰਕਾਰ ਦਾ ਅਗਲਾ ਏਜੰਡਾ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਕਿਹਾ, ‘ਇਹ ਇਕੱਲੀ ਮੇਰੀ ਜਾਂ ਮੇਰੀ ਪਾਰਟੀ ਦੀ ਵਚਨਬੱਧਤਾ ਨਹੀਂ ਹੈ, ਬਲਕਿ ਇਹ ਪੀ.ਵੀ.ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 1994 ਵਿੱਚ ਸਰਬਸੰਮਤੀ ਨਾਲ ਪਾਸ ਕਰਵਾਏ ਮਤੇ ਦਾ ਹਿੱਸਾ ਹੈ।’