ਪੰਜਾਬ ਦੇ ਮੁਲਾਜ਼ਮਾਂ ਅਤੇ ਪੀਸੀਐੱਸ ਅਧਿਕਾਰੀਆਂ ਨੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਕਥਿਤ ਦੁਰਵਿਹਾਰ ਕਰਨ ਅਤੇ ਹੋਰ ਕਈ ਥਾਈਂ ਪੀਸੀਐਸ ਅਧਿਕਾਰੀਆਂ ਤੇ ਮੁਲਾਜ਼ਮਾਂ ਉਪਰ ਗਲਤ ਅਨਸਰਾਂ ਵੱਲੋਂ ਹਮਲੇ ਕਰਨ ਖ਼ਿਲਾਫ਼ ਅੱਜ ਤੀਜੇ ਦਿਨ ਵੀ ਹੜਤਾਲ ਕੀਤੀ ਤੇ ਸਮੁੱਚਾ ਦਫ਼ਤਰੀ ਕੰਮਕਾਜ ਠੱਪ ਰੱਖਿਆ। ਇਸ ਦੌਰਾਨ ਦੇਰ ਸ਼ਾਮ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਡੀਸੀ ਦਫਤਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਨਾਮ ਵਿਰਕ ਨੇ ਕਿਹਾ ਕਿ 12 ਸਤੰਬਰ ਤੋਂ ਡੀਸੀ ਦਫਤਰਾਂ ਵਿਚ ਮੁਲਾਜ਼ਮ ਆਮ ਵਾਂਗ ਕੰਮ ਕਰਨਗੇ। ਇਸ ਤੋਂ ਪਹਿਲਾਂ ਸੂਬੇ ਦੇ ਸਮੂਹ ਪੀਸੀਐੱਸ ਅਧਿਕਾਰੀਆਂ ਨੇ ਵੀ ਅੱਜ ਕਲਮਛੋੜ ਹੜਤਾਲ ਕਰ ਕੇ ਅਤੇ ਕਾਲੇ ਬਿੱਲੇ ਲਾ ਕੇ ਸਾਰੇ ਕੰਮ ਠੱਪ ਰਖੇ।
ਡੀਸੀ ਦਫਤਰ ਐਂਪਲਾਈਜ਼ ਯੂਨੀਅਨ ਦੇ ਨਾਲ ਪੀਸੀਐੱਸ ਆਫੀਸਰਜ਼ (ਈਬੀ) ਐਸੋਸੀਏਸ਼ਨ ਨੇ ਸਾਂਝੇ ਤੌਰ ’ਤੇ ਕਲਮਛੋੜ ਹੜਤਾਲ ਕਰਕੇ ਕੰਮ ਠੱਪ ਰੱਖਿਆ। ਕਲੈਰੀਕਲ ਤੇ ਪੀਸੀਐੱਸ ਅਧਿਕਾਰੀਆਂ ਦੇ ਹੜਤਾਲ ਦੇ ਰਾਹ ਪੈਣ ਕਾਰਨ ਸਰਕਾਰ ਦੀ ਸਿਰਦਰਦੀ ਵਧ ਗਈ ਹੈ। ਪੀਸੀਐੱਸ ਅਫਸਰਾਂ ਨੇ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੜਤਾਲ ਕਰ ਕੇ ਕਾਲੇ ਬਿੱਲੇ ਲਾਏ ਅਤੇ ਹੋਰ ਮੁਲਾਜ਼ਮਾਂ ਨਾਲ ਇਕੱਠ ਕਰਕੇ ਗਲਤ ਅਨਸਰਾਂ ਵੱਲੋਂ ਨਿਰੰਤਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਦੀ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਅਜਿਹੇ ਅਨਸਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਚੇਤੇ ਰਹੇ ਕਿ ਡਿਪਟੀ ਕਮਿਸ਼ਨਰਜ਼ ਦਫਤਰ ਐਂਪਲਾਈਜ਼ ਯੂਨੀਅਨ ਨੇ 9 ਸਤੰਬਰ ਨੂੰ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ ਵਿੱਚ ਕਲਮਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਸੀ, ਜਿਸ ਕਰ ਕੇ ਤਿੰਨ ਦਿਨਾਂ ਤੋਂ ਹੀ ਸਰਕਾਰੀ ਦਫਤਰਾਂ ਦਾ ਕੰਮ ਠੱਪ ਪਿਆ ਹੈ। ਫਰੀਦਕੋਟ ਅਤੇ ਫਿਰੋਜ਼ਪੁਰ ਮੰਡਲਾਂ ਵਿੱਚ ਪੈਂਦੇ 7 ਜ਼ਿਲ੍ਹਿਆਂ ਮਾਨਸਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਦੇ ਪੀਸੀਐੱਸ ਅਧਿਕਾਰੀ ਵੀ 9 ਸਤੰਬਰ ਤੋਂ ਹੀ ਕਲਮਛੋੜ ਹੜਤਾਲ ’ਤੇ ਹਨ। ਪੀਸੀਐੱਸ, ਐਗਜ਼ੈਕਟਿਵ ਆਫੀਸਰਜ਼ ਐਸੋਸੀਏਸ਼ਨ ਨੇ ਅੱਜ ਮੀਟਿੰਗ ਕਰਕੇ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਜ਼ਿਲ੍ਹਿਆਂ ਅਤੇ ਸਬ ਡਵੀਜ਼ਨਾਂ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਨਿਰੰਤਰ ਨਿਸ਼ਾਨਾ ਬਣਾਉਣ ਦਾ ਗੰਭੀਰ ਨੋਟਿਸ ਲਿਆ।