ਮੋਗਾ ਸੜਕ ਹਾਦਸੇ ’ਚ ਜ਼ਖ਼ਮੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇੱਥੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਤੇ ਮਰੀਜ਼ ਦੀ ਅਣਦੇਖੀ ਤੋਂ ਨਾਰਾਜ਼ ਹੋ ਕੇ ਹੰਗਾਮਾ ਕੀਤਾ। ਇਸ ਮੌਕੇ ਪੀੜਤ ਪਰਿਵਾਰ ਦੇ ਹੱਕ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਹੋਰ ਲੋਕ ਵੀ ਪੁੱਜ ਗਏ ਅਤੇ ਸਥਿਤੀ ਤਣਾਅਪੂਰਨ ਬਣ ਗਈ। ਪੁਲੀਸ ਵੀ ਮੌਕੇ ਉੱਤੇ ਪਹੁੰਚ ਗਈ। ਡੀਐੱਸਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਸ਼ਿਕਾਇਤ ਉੱਤੇ ਜਾਂਚ ਕੀਤੀ ਜਾਵੇਗੀ ਅਤੇ ਜੋ ਸੱਚਾਈ ਹੋਵੇਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇੱਥੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਮਲਕੀਤ ਸਿੰਘ ਵਾਸੀ ਪੁਰਾਣਾ ਮੋਗਾ ਨੇ ਦੱਸਿਆ ਕਿ ਉਹ ਆਪਣੇ ਭਰਾ ਰਣਜੀਤ ਸਿੰਘ ਨਾਲ ਮੋਟਰਸਾਈਕਲ ’ਤੇ ਘਰ ਪਰਤ ਰਹੇ ਸਨ। ਇੱਥੇ ਮਹਿਮੇਵਾਲਾ ਰੋਡ ਉੱਤੇ ਐਤਵਾਰ ਦੁਪਹਿਰੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਸਕਾਰਪਿਉ ਗੱਡੀ ਨੇ ਫੇਟ ਮਾਰ ਦਿੱਤੀ ਤੇ ਉਸ ਨੂੰ ਸੱਟਾਂ ਲੱਗੀਆਂ। ਪੀੜਤ ਨੇ ਦੋਸ਼ ਲਾਇਆ ਕਿ ਰਾਤ 8 ਵਜੇ ਤੱਕ ਉਸ ਦਾ ਇਲਾਜ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਿੱਜੀ ਡਾਕਟਰ ਤੋਂ ਕਰਵਾਏ ਐਕਸਰੇ ਰਿਪੋਰਟ ’ਚ ਹੱਡੀ ਟੁੱਟ ਗਈ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਰਾਤ ਨੂੰ ਐਕਸਰੇ ਕੀਤਾ ਤੇ ਰਿਪੋਰਟ ਠੀਕ ਦੱਸੀ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਸਰਕਾਰੀ ਡਾਕਟਰ ਦੂਜੀ ਧਿਰ ਨੂੰ ਬਚਾਉਣ ਲਈ ਝੂਠੀ ਰਿਪੋਰਟ ਤਿਆਰ ਕਰ ਰਹੇ ਹਨ। ਇਸ ਤੋਂ ਬਾਅਦ ਦੋਹਾਂ ਧਿਰਾਂ ’ਚ ਤਲਖ਼ੀ ਹੋ ਗਈ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਤੇ ਹੋਰ ਲੋਕ ਪੀੜਤ ਦੇ ਹੱਕ ’ਚ ਡਟ ਗਏ। ਸਥਿਤੀ ਤਣਾਅ ਵਾਲੀ ਬਣ ਗਈ ਤਾਂ ਪੁਲੀਸ ਵੀ ਮੌਕੇ ਉੱਤੇ ਪਹੁੰਚ ਗਈ ਤੇ ਮਾਮਲਾ ਸ਼ਾਂਤ ਹੋ ਗਿਆ। ਇਸ ਮਗਰੋਂ ਡਾਕਟਰਾਂ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ’ਚ ਤਕਰਾਰ ਹੋ ਗਈ। ਸਿਵਲ ਹਸਪਤਾਲ ਡਾਕਟਰ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਜੋ ਕੌਂਸਲਰ ਵੀ ਹਨ ਤੇ ਕੁਝ ਹੋਰਾਂ ਦੀ ਪੁਲੀਸ ਕੋਲ ਡਿਊਟੀ ’ਚ ਵਿਘਨ ਪਾਉਣ ਤੇ ਹੰਗਾਮਾ ਕਰਨ ਦੀ ਸ਼ਿਕਾਇਤ ਕਰ ਦਿੱਤੀ। ਥਾਣਾ ਸਿਟੀ ਦੱਖਣੀ ਪੁਲੀਸ ਨੇ ਭਾਜਪਾ ਆਗੂ ਨੂੰ ਉਸ ਖ਼ਿਲਾਫ਼ ਆਈ ਸ਼ਿਕਾਇਤ ਬਾਰੇ ਦੱਸਿਆ ਤਾਂ ਸਥਿਤੀ ਹੋਰ ਤਣਾਅ ਵਾਲੀ ਬਣ ਗਈ। ਨਗਰ ਨਿਗਮ ਮੇਅਰ ਅਕਸ਼ਿਤ ਜੈਨ ਤੇ ਹੋਰ ਕੌਂਸਲਰ ਥਾਣੇ ’ਚ ਪਹੁੰਚ ਗਏ। ਪੁਲੀਸ ਨੇ ਉਨ੍ਹਾਂ ਨੂੰ ਡਾਕਟਰਾਂ ਨਾਲ ਗੱਲਬਾਤ ਕਰਕੇ ਮਸਲਾ ਨਿਬੇੜਨ ਦਾ ਭਰੋਸਾ ਦੇ ਕੇ ਵਾਪਸ ਮੋੜ ਦਿੱਤਾ।
INDIA ਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਡਾਕਟਰਾਂ ਵਿਚਾਲੇ ਖੜਕੀ