ਦੋ ਹਫ਼ਤਿਆਂ ਦੀ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਆਪਣੇ ਦਿਨ ਦੀ ਸ਼ੁਰੂਆਤ ਧਾਰਮਿਕ ਕਿਤਾਬਾਂ ਪੜ੍ਹਨ ਨਾਲ ਕੀਤੀ। ਸ੍ਰੀ ਚਿਦੰਬਰਮ ਨੇ ਦਿਨ ਚੜ੍ਹਦਿਆਂ ਸਭ ਤੋਂ ਪਹਿਲਾਂ ਜੇਲ੍ਹ ਦੇ ਵਿਹੜੇ ਵਿੱਚ ਸੈਰ ਕੀਤੀ ਅਤੇ ਮਗਰੋਂ ਨਾਸ਼ਤੇ ’ਚ ਚਾਹ ਤੇ ਦਲੀਆ ਲਿਆ। ਸੂਤਰਾਂ ਮੁਤਾਬਕ ਚਿਦੰਬਰਮ ਨੂੰ ਵੀਰਵਾਰ ਸ਼ਾਮ ਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਪੂਰੀ ਨੀਂਦ ਨਹੀਂ ਮਿਲ ਸਕੀ। ਉਨ੍ਹਾਂ ਨੂੰ ਸੱਤ ਨੰਬਰ ਜੇਲ੍ਹ ’ਚ ਰੱਖਿਆ ਗਿਆ ਹੈ, ਜਿੱਥੇ ਆਮ ਕਰਕੇ ਐਨਫੋਰਸਮੈਂਟ ਡਾਇਰੈਕਟੋਰੇਟ ਨਾਲ ਸਬੰਧਤ ਕੇਸਾਂ ਦੇ ਮੁਲਜ਼ਮਾਂ ਨੂੰ ਰੱਖਿਆ ਜਾਂਦਾ ਹੈ। ਸਾਬਕਾ ਕੇਂਦਰੀ ਮੰਤਰੀ ਨੂੰ ਅਖ਼ਬਾਰ ਵੀ ਮੁਹੱਈਆ ਕਰਵਾਇਆ ਗਿਆ।
ਸੂਤਰਾਂ ਮੁਤਾਬਕ ਚਿਦੰਬਰਮ ਨੇ ਦੁਪਹਿਰ ਸਮੇਂ ਆਪਣੇ ਵਕੀਲਾਂ ਨਾਲ ਵੀ ਮੁਲਾਕਾਤ ਕੀਤੀ। ਜੇਲ੍ਹ ਵਿੱਚ ਸਾਬਕਾ ਕੇਂਦਰੀ ਮੰਤਰੀ ਨੂੰ ਵੱਖਰੇ ਸੈੱਲ ਤੇ ਪਖਾਨੇ ਲਈ ਅੰਗਰੇਜ਼ੀ ਸੀਟ ਤੋਂ ਇਲਾਵਾ ਹੋਰ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਗਈ। ਹੋਰਨਾਂ ਕੈਦੀਆਂ ਵਾਂਗ ਚਿਦੰਬਰਮ ਨੂੰ ਜੇਲ੍ਹ ਦੀ ਲਾਇਬਰੇਰੀ ਤਕ ਰਸਾਈ ਦੀ ਖੁੱਲ੍ਹ ਹੈ ਤੇ ਉਹ ਨਿਰਧਾਰਿਤ ਸਮੇਂ ਲਈ ਟੀਵੀ ਵੇਖ ਸਕਦੇ ਹਨ। ਉਂਜ ਸੈੱਲ ਵਿੱਚ ਭੇਜਣ ਤੋਂ ਪਹਿਲਾਂ ਚਿਦੰਬਰਮ ਦਾ ਲਾਜ਼ਮੀ ਮੈਡੀਕਲ ਮੁਆਇਨਾ ਕਰਵਾਇਆ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ ਭਾਣਜਾ ਰਤੁਲ ਪੁਰੀ ਵੀ ਇਸ ਜੇਲ੍ਹ ਵਿੱਚ ਬੰਦ ਹੈ।
INDIA ਚਿਦੰਬਰਮ ਨੇ ਧਾਰਮਿਕ ਕਿਤਾਬਾਂ ਤੇ ਸੈਰ ਨਾਲ ਕੀਤੀ ਦਿਨ ਦੀ ਸ਼ੁਰੂਆਤ