ਦਹਿਸ਼ਤਗਰਦੀ ਬਾਰੇ ਪਾਕਿ ਨਾਲ ਵਾਰਤਾ ਲਈ ਦਰਵਾਜ਼ੇ ਖੁੱਲ੍ਹੇ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ‘ਸੱਭਿਅਕ’ ਢੰਗ ਨਾਲ ਗੱਲਬਾਤ ਲਈ ਰਾਜ਼ੀ ਹੈ ਤਾਂ ਭਾਰਤ ਦੇ ਦਹਿਸ਼ਤਗਰਦੀ ਦੇ ਮੁੱਦੇ ’ਤੇ ਵਾਰਤਾ ਲਈ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਹਾ,‘‘ਵਾਰਤਾ ਮੇਰੇ ਸਿਰ ’ਤੇ ਬੰਦੂਕ ਰੱਖ ਕੇ ਨਹੀਂ ਹੋਣੀ ਚਾਹੀਦੀ ਹੈ।’’ ਸਿੰਗਾਪੁਰ ਦੇ ਦੌਰੇ ’ਤੇ ਆਏ ਸ੍ਰੀ ਜੈਸ਼ੰਕਰ ਨੇ ਮਿੰਟ ਏਸ਼ੀਆ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਕਤ ਗੱਲਾਂ ਆਖੀਆਂ ਜਿਸ ’ਚ ਕਰੀਬ 400 ਵਫ਼ਦ ਹਿੱਸਾ ਲੈ ਰਹੇ ਹਨ।
ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਹਟਾਏ ਜਾਣ ਮਗਰੋਂ ਭਾਰਤ ਅਤੇ ਪਾਕਿਸਤਾਨ ’ਚ ਤਣਾਅ ਵਧਣ ਦਰਮਿਆਨ ਵਿਦੇਸ਼ ਮੰਤਰੀ ਦਾ ਇਹ ਪ੍ਰਤੀਕਰਮ ਆਇਆ ਹੈ।
ਉਨ੍ਹਾਂ ਕਿਹਾ,‘‘ਜੇਕਰ ਵਾਰਤਾ ਵਾਲੇ ਮਸਲਿਆਂ ਦੀ ਗੱਲ ਕਰੀਏ ਤਾਂ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਨ। ਪਰ ਇਹ ਗੱਲਬਾਤ ਮੇਰੇ ਸਿਰ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੀ ਜਾਣੀ ਚਾਹੀਦੀ ਹੈ।’’ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਮੁਲਕ ’ਚ 40 ਵੱਖ ਵੱਖ ਦਹਿਸ਼ਤੀ ਗੁੱਟਾਂ ਦੀ ਮੌਜੂਦਗੀ ਬਾਰੇ ਦਿੱਤੇ ਬਿਆਨ ਨੂੰ ਉਭਾਰਦਿਆਂ ਜੈਸ਼ੰਕਰ ਨੇ ਕਿਹਾ ਕਿ ਜੇਕਰ ਸੱਭਿਅਕ ਗੁਆਂਢੀ ਵਾਂਗ ਉਹ ਗੱਲਬਾਤ ਕਰਨ ਤਾਂ ਭਾਰਤ ਦੇ ਵਾਰਤਾ ਲਈ ਦਰ ਖੁੱਲ੍ਹੇ ਹਨ।
ਉਨ੍ਹਾਂ ਕਿਹਾ ਕਿ ਦੋਗਲੀ ਨੀਤੀ ਨਹੀਂ ਵਰਤੀ ਜਾਣੀ ਚਾਹੀਦੀ ਕਿ ਇਕ ਪਾਸੇ ਗੱਲਬਾਤ ਲਈ ਰਾਜ਼ੀ ਹੋ ਜਾਵੋ ਅਤੇ ਦੂਜੇ ਪਾਸੇ ਰਾਤ ਨੂੰ ਆ ਕੇ ਹਮਲੇ ਕਰ ਦੇਵੋ।

Previous articleਜਲੰਧਰ ਜ਼ਿਲ੍ਹੇ ’ਚ ਖੇਤੀ ਸੰਦਾਂ ’ਤੇ ਮਿਲੇਗੀ 12 ਕਰੋੜ ਦੀ ਸਬਸਿਡੀ-ਡਿਪਟੀ ਕਮਿਸ਼ਨਰ
Next articleਪੀਯੂ ਵਿਦਿਆਰਥੀ ਕੌਂਸਲ ਚੋਣਾਂ: ਐੱਸਓਆਈ ਦਾ ਚੇਤਨ ਚੌਧਰੀ ਪ੍ਰਧਾਨ ਚੁਣਿਆ