ਫ਼ਿਰੋਜ਼ਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਅੱਜ ਛੇ ਸਾਲ ਪੁਰਾਣੇ ਝਗੜੇ ਦੇ ਇਕ ਕੇਸ ਵਿਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਰਘੂਮੀਤ ਸਿੰਘ ਸੋਢੀ ’ਤੇ ਇਰਾਦਾ ਕਤਲ ਦਾ ਦੋਸ਼ ਤੈਅ ਕਰਕੇ ਮੁਦਈ ਪਾਰਟੀ ਨੂੰ ਆਪਣੇ ਗਵਾਹ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮਿਰਜ਼ਾ ਲੱਖੋ ਕੇ ਦਾ ਹੈ ਤੇ ਇਸ ਦੀ ਸ਼ਿਕਾਇਤ ਇਸ ਪਿੰਡ ਦੇ ਵਸਨੀਕ ਬਲਜੀਤ ਸਿੰਘ ਵੱਲੋਂ ਕੀਤੀ ਗਈ ਸੀ। ਗਵਾਹਾਂ ਦੀ ਪੇਸ਼ੀ ਦੀ ਤਰੀਖ਼ 20 ਸਤੰਬਰ ਰੱਖੀ ਗਈ ਹੈ। ਸਾਲ 2013 ਵਿਚ ਬਲਜੀਤ ਸਿੰਘ ’ਤੇ ਤਿੰਨ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਸੀ। ਬਲਜੀਤ ਦੀ ਲੱਤ ’ਤੇ ਗੋਲੀ ਵੱਜੀ ਸੀ ਤੇ ਉਹ ਕਈ ਦਿਨ ਫ਼ਰੀਦਕੋਟ ਸਥਿਤ ਮੈਡੀਕਲ ਕਾਲਜ ਵਿਚ ਦਾਖ਼ਲ ਰਿਹਾ ਸੀ। ਸਿਆਸੀ ਪ੍ਰਭਾਵ ਕਾਰਨ ਪੁਲੀਸ ਨੇ ਕੋਈ ਮਾਮਲਾ ਦਰਜ ਨਹੀਂ ਸੀ ਕੀਤਾ। ਬਲਜੀਤ ਸਿੰਘ ਨੇ ਅਦਾਲਤ ਵਿਚ ਮੁਲਜ਼ਮਾਂ ਖ਼ਿਲਾਫ਼ ਇਸਤਗਾਸਾ ਦਾਇਰ ਕਰ ਦਿੱਤਾ ਸੀ। ਹੁਣ ਐਡੀਸ਼ਨਲ ਸੈਸ਼ਨ ਜੱਜ ਰਜਨੀ ਛੋਕਰਾ ਨੇ ਰਘੂਮੀਤ ਸਿੰਘ ਸੋਢੀ ਸਮੇਤ ਦੋ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 323 ਅਤੇ 34 ਅਧੀਨ ਕੇਸ ਚਲਾਉਣ ਦੇ ਹੁਕਮ ਦਿੱਤੇ ਹਨ। ਬਲਜੀਤ ਸਿੰਘ ਮੁਤਾਬਕ ਇਹ ਘਟਨਾ 7 ਮਈ 2013 ਦੀ ਹੈ ਜਦ ਰਘੂਮੀਤ ਸਿੰਘ ਸੋਢੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਨੂੰ ਰਾਹ ਵਿਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਜਦ ਬਲਜੀਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਰਘੂਮੀਤ ਨੇ ਇੱਕ ਗੋਲੀ ਉਸ ਦੇ ਪੈਰ ਵਿਚ ਮਾਰ ਦਿੱਤੀ।
INDIA ਰਾਣਾ ਸੋਢੀ ਦੇ ਪੁੱਤਰ ਖ਼ਿਲਾਫ਼ ਇਰਾਦਾ ਕਤਲ ਦਾ ਦੋਸ਼ ਤੈਅ