ਪਿੰਡ ਭੱਟੀਆਂ ਰਾਜਪੂਤਾਂ ਦੀ ਇੱਕ ਵਿਆਹੁਤਾ ਨੇ ਕਥਿਤ ਸਹੁਰੇ ਤੇ ਦਿਓਰ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਪੀੜਤਾ ਵਲੋਂ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ ਅਤੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਉਸ ਦੇ ਸਹੁਰੇ ਤੇ ਦਿਓਰ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਐਸਐਚਓ ਸਤਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਵਾਸੀ ਫੱਤੂ ਬਰਕਤ ਥਾਣਾ ਭੈਣੀ ਮੀਆਂ ਖਾਂ (ਗੁਰਦਾਸਪੁਰ) ਨੇ ਪੁਲੀਸ ਨੂੰ ਬਿਆਨ ਦਿੱਤੇ ਸਨ ਕਿ ਉਸ ਦੀ ਭੈਣ ਰਿਤੂ ਬਾਲਾ (25) ਕਰੀਬ 4 ਸਾਲ ਪਹਿਲਾਂ ਮੁਕੇਰੀਆਂ ਦੇ ਪਿੰਡ ਭੱਟੀਆਂ ਰਾਜਪੂਤਾਂ ਦੇ ਵਸਨੀਕ ਸੁਖਵਿੰਦਰ ਸਿੰਘ ਨਾਲ ਵਿਆਹੀ ਸੀ। ਰਿਤੂ ਬਾਲਾ ਦਾ ਇੱਕ 3 ਸਾਲਾ ਲੜਕਾ ਵੀ ਹੈ ਅਤੇ ਉਸ ਦਾ ਪਤੀ ਇੱਕ ਸਰਵਿਸ ਸਟੇਸ਼ਨ ’ਤੇ ਕੰਮ ਕਰਦਾ ਹੈ ਅਤੇ ਉਸ ਨੂੰ ਆਪਣੇ ਪਤੀ ਤੋਂ ਕੋਈ ਸ਼ਿਕਾਇਤ ਨਹੀਂ ਸੀ ਪਰ ਉਸ ਦਾ ਦਿਓਰ ਵਿਸ਼ਾਲ ਕੁਮਾਰ ਉਰਫ ਸ਼ੈਲੀ ਤੇ ਸਹੁਰਾ ਪ੍ਰੇਮ ਸਿੰਘ ਉਸ ਨੂੰ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਬਾਬਤ ਉਸ ਨੇ ਕਈ ਵਾਰ ਉਨ੍ਹਾਂ ਨੂੰ ਦੱਸਿਆ ਸੀ। ਬੀਤੀ ਸ਼ਾਮ ਰਿਤੂ ਬਾਲਾ ਦੇ ਦਿਓਰ ਸ਼ੈਲੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਰਿਤੂ ਬਾਲਾ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਹੈ। ਉਨ੍ਹਾਂ ਦੇ ਮੁਕੇਰੀਆਂ ਪੁੱਜਣ ’ਤੇ ਰਿਤੂ ਬਾਲਾ ਦਾ ਸਹੁਰਾ ਪ੍ਰੇਮ ਸਿੰਘ ਤੇ ਦਿਓਰ ਸ਼ੈਲੀ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ, ਜਿਥੇ ਦਾਖਲ ਨਾ ਕਰਨ ’ਤੇ ਉਸ ਨੂੰ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ। ਜਦੋਂ ਉਹ ਜਲੰਧਰ ਦੇ ਕੈਪੀਟੋਲ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਭਰਾ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਨੈ ਆਪਣੇ ਦਿਓਰ ਤੇ ਸਹੁਰੇ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਨਿਗਲੀ ਹੈ। ਜਿਸ ਸਬੰਧੀ ਉਸਨੇ ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਵੀ ਜ਼ਿਕਰ ਕੀਤਾ ਹੈ।
ਥਾਣਾ ਮੁਖੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਪੁਲਿਸ ਨੇ ਉਸ ਦੇ ਸਹੁਰੇ ਤੇ ਦਿਓਰ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
INDIA ਵਿਆਹੁਤਾ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ