ਵਿਦਿਆਰਥੀਆਂ ਨੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਨੂੰ ਜੜਿਆ ਤਾਲ਼ਾ

ਪੰਜਾਬ ਯੂਨੀਵਰਸਿਟੀ ਵਿੱਚ ਡੀਨ ਵਿਦਿਆਰਥੀ ਭਲਾਈ (ਡੀ.ਐਸ.ਡਬਲਿਊ) ਦਾ ਮੁੱਦਾ ਅੱਜ ਉਸ ਵੇਲੇ ਹੋਰ ਗਰਮਾ ਗਿਆ ਜਦੋਂ ‘ਪੀ.ਯੂ. ਫਾਰ ਡੈਮੋਕ੍ਰੇਸੀ’ ਸੰਗਠਨ ਦੇ ਬੈਨਰ ਹੇਠ ਸਟੂਡੈਂਟਸ ਸੈਂਟਰ ਵਿੱਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਡੀ.ਐਸ.ਡਬਲਿਯੂ. ਦੇ ਦਫ਼ਤਰ ਨੂੰ ਤਾਲ਼ਾ ਜੜ ਦਿੱਤਾ। ਇਸ ਉਪਰੰਤ ਵਿਦਿਆਰਥੀਆਂ ਨੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੂੰ ਸੰਘੀ ਵੀ.ਸੀ. ਗਰਦਾਨਦੇ ਹੋਏ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਵ-ਨਿਯੁਕਤ ਡੀ.ਐਸ.ਡਬਲਿਯੂ. ਪ੍ਰੋ. ਭਰਤ ਭੂਸ਼ਨ ਭਾਵੇਂ ਉਸ ਸਮੇਂ ਆਪਣੇ ਦਫ਼ਤਰ ਵਿਚ ਮੌਜੂਦ ਨਹੀਂ ਸਨ ਪ੍ਰੰਤੂ ਪੀਯੂ ਦੀ ਸਕਿਉਰਿਟੀ ਅਤੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਦੀ ਪ੍ਰਵਾਹ ਨਾ ਕਰਦਿਆਂ ਵਿਦਿਆਰਥੀ ਦਫ਼ਤਰ ਦੇ ਵਿੱਚ ਵੜ ਗਏ ਜਿਸ ਦੌਰਾਨ ਦਫ਼ਤਰ ਅੰਦਰੋਂ ਸਾਰਾ ਸਟਾਫ਼ ਬਾਹਰ ਕੱਢ ਕੇ ਦਫ਼ਤਰ ਨੂੰ ਤਾਲ਼ਾ ਲਗਾ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀ ਕੌਂਸਲ ਪ੍ਰਧਾਨ ਕਨੂਪ੍ਰਿਆ, ਐਨ.ਐਸ.ਯੂ.ਆਈ. ਦੇ ਮਨੋਜ ਲੁਬਾਣਾ, ਐੱਸ.ਐੱਫ.ਐੱਸ. ਦੇ ਪ੍ਰਧਾਨ ਵਰਿੰਦਰ ਸਿੰਘ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ, ਅਕਾਦਮਿਕ ਫੋਰਮ ਫਾਰ ਸਿੱਖ ਸਟੂਡੈਂਟਸ ਦੇ ਬੁਲਾਰੇ ਪਰਮਵੀਰ ਸਿੰਘ, ਐੱਸ.ਐੱਫ.ਆਈ. ਤੋਂ ਪ੍ਰਭਪ੍ਰੀਤ ਸਿੰਘ, ਸਚਿਨ ਗਾਲਿਬ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਜਿੱਥੇ ਯੂਨੀਵਰਸਿਟੀ ਵਿਚ ਭਾਜਪਾ ਅਤੇ ਆਰਐਸਐਸ ਦੀਆਂ ਨੀਤੀਆਂ ਨੂੰ ਲਾਗੂ ਕਰਨ ’ਤੇ ਜੁਟੇ ਹੋਏ ਹਨ, ਉਥੇ ਹੀ ਸਿੰਡੀਕੇਟ ਅਤੇ ਸੈਨੇਟ ਦੇ ਫ਼ੈਸਲਿਆਂ ਨੂੰ ਵੀ ਦਰਕਿਨਾਰ ਕਰਕੇ ਤਾਨਾਸ਼ਾਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੀਯੂ ਵਿਚ ਭਾਜਪਾ ਦਾ ਅਸ਼ੀਰਵਾਦ ਪ੍ਰਾਪਤ ਵਿਦਿਆਰਥੀ ਸੰਗਠਨ ਏਬੀਵੀਪੀ ਦੇ ਹੱਕ ਵਿਚ ਹੀ ਹਰੇਕ ਫ਼ੈਸਲਾ ਲਿਆ ਜਾਂਦਾ ਹੈ ਅਤੇ ਸਿਰਫ਼ ਏਬੀਵੀਪੀ ਹੀ ਉਪ-ਕੁਲਪਤੀ ਦੇ ਤਾਨਾਸ਼ਾਹੀ ਫੈਸਲੇ ਦਾ ਸਮਰਥਨ ਕਰ ਰਹੀ ਹੈ। ਦੂਸਰੇ ਸਾਰੇ ਵਿਦਿਆਰਥੀ ਸੰਗਠਨ ਉਪ-ਕੁਲਪਤੀ ਦੀ ਇਸ ਤਾਨਾਸ਼ਾਹੀ ਦਾ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਪੀਯੂ ਫਾਰ ਡੈਮੋਕ੍ਰੇਸੀ ਵੱਲੋਂ ਸੈਨੇਟ ਦਾ ਫ਼ੈਸਲਾ ਲਾਗੂ ਕਰਵਾ ਕੇ ਹੀ ਦਮ ਲਿਆ ਜਾਵੇਗਾ। ਦੱਸਣਯੋਗ ਹੈ ਕਿ ਪੀ.ਯੂ. ਫਾਰ ਡੈਮੋਕਰੇਸੀ ਸੰਗਠਨ 12 ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਆਈਐਸਏ, ਐਸਓਆਈ, ਐਨਐਸਯੂਆਈ, ਅਕਾਦਮਿਕ ਫੋਰਮ ਫਾਰ ਸਿੱਖ ਸਟੂਡੈਂਟਸ, ਪੀਐਸਯੂ (ਲਲਕਾਰ), ਏਐਸਏ, ਹਿਮਸੂ, ਐਸਐਫਆਈ, ਇਨਸੋ, ਪੂਸੂ, ਸੱਥ, ਐਸ.ਐਫ.ਐਸ. ਆਦਿ ਉਤੇ ਅਧਾਰਿਤ ਹੈ ਅਤੇ ਇਹ ਸਾਰੀਆਂ ਜਥੇਬੰਦੀਆਂ ਇੱਕ ਝੰਡੇ ਹੇਠ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੈਨੇਟ ਮੀਟਿੰਗ ਵਿਚ ਬਹੁਮਤ ਨਾਲ ਹੋਏ ਫ਼ੈਸਲੇ ਨੂੰ ਲਾਗੂ ਕੀਤੇ ਜਾਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਜਿਸ ਦੀ ਕੜੀ ਵਜੋਂ ਪੀ.ਯੂ. ਵਿਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Previous articleਹੜ੍ਹ ਪੀੜਤਾਂ ਦੀ ਮਦਦ ਲਈ ਬੈਂਸ ਭਰਾ ਤੇ ਪਾਰਟੀ ਕੌਂਸਲਰ ਦੇਣਗੇ ਇੱਕ ਮਹੀਨੇ ਦੀ ਤਨਖਾਹ
Next articleਗੜ੍ਹਸ਼ੰਕਰ ’ਚ ਦਿਨ ਦਿਹਾੜੇ ਕਾਰੀਗਰ ਦਾ ਕਤਲ