ਟਰੰਪ ਪ੍ਰਸ਼ਾਸਨ ਵੱਲੋਂ ਜਨਮ ਜਾਤ ਨਾਗਰਿਕਤਾ ਖਤਮ ਕਰਨ ’ਤੇ ਵਿਚਾਰਾਂ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ ’ਚ ਜਨਮ ਲੈਣ ਵਾਲੇ ਉਨ੍ਹਾਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਨਾਗਰਿਕਤਾ ਖ਼ਤਮ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨਹੀਂ ਹਨ।
ਟਰੰਪ ਨੇ ਜਨਮ ਜਾਤ ਨਾਗਰਿਕਤਾ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘ਅਸੀਂ ਜਨਮ ਜਾਤ ਨਾਗਰਿਕਤਾ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਸਪੱਸ਼ਟ ਤੌਰ ’ਤੇ ਕਹਾਂ ਤਾਂ ਇਹ ਬਿਲਕੁਲ ਫਜ਼ੂਲ ਹੈ।’ ਉਨ੍ਹਾਂ ਕਿਹਾ, ‘ਜਨਮ ਜਾਤ ਨਾਗਰਿਕਤਾ ਇਹ ਹੈ ਕਿ ਸਾਡੀ ਜ਼ਮੀਨ ’ਤੇ ਤੁਹਾਡੇ ਬੱਚੇ ਨੇ ਜਨਮ ਲਿਆ, ਤੁਸੀਂ ਸਰਹੱਦ ਪਾਰ ਤੋਂ ਆਉਂਦੇ ਹੋ ਤੇ ਬੱਚੇ ਨੂੰ ਜਨਮ ਦਿੰਦੇ ਹੋ। ਵਧਾਈ ਹੋਵੇ, ਬੱਚਾ ਹੁਣ ਅਮਰੀਕੀ ਨਾਗਰਿਕ ਹੈ। ਅਸੀਂ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ।’ ਜ਼ਿਕਰਯੋਗ ਹੈ ਕਿ ਟਰੰਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਜਨਮ ਜਾਤ ਨਾਗਰਿਕਤਾ ਖਤਮ ਕਰ ਦੇਣਗੇ।
ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਇਹ ਯਕੀਨੀ ਬਣਾਉਂਦੀ ਹੈ ਕਿ ਅਮਰੀਕਾ ਦੀ ਧਰਤੀ ’ਤੇ ਜਨਮ ਲੈਣ ਵਾਲੇ ਨੂੰ ਕੁਦਰਤੀ ਤੌਰ ’ਤੇ ਅਮਰੀਕਾ ਦੀ ਨਾਗਰਿਕਤਾ ਹਾਸਲ ਹੋ ਜਾਵੇਗੀ। ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਮੂਲ ਦੀ ਉਮੀਦਵਾਰ ਅਤੇ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੈਨੇਟਰ ਨੇ ਟਰੰਪ ਦੀ ਇਸ ਟਿੱਪਣੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਰਾਸ਼ਟਰਪਤੀ ਨੂੰ ਗੰਭੀਰਤਾ ਨਾਲ ਸੰਵਿਧਾਨ ਪੜ੍ਹਨਾ ਚਾਹੀਦਾ ਹੈ।

Previous articleਜੈਰਾਮ ਰਮੇਸ਼ ਮਗਰੋਂ ਸਿੰਘਵੀ ਤੇ ਥਰੂਰ ਵੀ ਮੋਦੀ ਦੇ ਹੱਕ ’ਚ ਨਿੱਤਰੇ
Next articleਪੱਛਮੀ ਬੰਗਾਲ ਦੇ ਮੰਦਰ ’ਚ ਭਾਜੜ ਕਾਰਨ ਤਿੰਨ ਹਲਾਕ