ਕਾਂਗਰਸ ਆਗੂਆਂ ਅਭਿਸ਼ੇਕ ਸਿੰਘਵੀ ਅਤੇ ਸ਼ਸ਼ੀ ਥਰੂਰ ਨੇ ਅੱਜ ਆਪਣੀ ਪਾਰਟੀ ਦੇ ਆਗੂ ਜੈਰਾਮ ਰਮੇਸ਼ ਵਲੋਂ ਬੀਤੇ ਦਿਨ ਕੀਤੀਆਂ ਟਿੱਪਣੀਆਂ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਨੂੰ ਖਲਨਾਇਕ ਕਹਿਣਾ ‘ਗਲਤ’ ਹੈ ਅਤੇ ਸਹੀ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਸਿੰਘਵੀ ਨੇ ਕਿਹਾ ਕਿ ਮੋਦੀ ਦੇ ਕੰਮਾਂ ਸਬੰਧੀ ਮੁੱਦਿਆਂ ਦੇ ਆਧਾਰ ’ਤੇ ਰਾਇ ਬਣਾਉਣੀ ਚਾਹੀਦੀ ਹੈ, ਨਾ ਕਿ ਸ਼ਖ਼ਸੀਅਤ ਦੇ ਆਧਾਰ ’ਤੇ। ਥਰੂਰ ਨੇ ਕਿਹਾ ਕਿ ਸਹੀ ਕੰਮਾਂ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਨ ਨਾਲ ਵਿਰੋਧੀ ਧਿਰ ਦੀ ਆਲੋਚਨਾ ਨੂੰ ਵੀ ਬਲ ਮਿਲੇਗਾ। ਸਿੰਘਵੀ ਨੇ ਟਵੀਟ ਕੀਤਾ, ‘‘ਹਮੇਸ਼ਾ ਕਹਿੰਦਾ ਹਾਂ ਕਿ ਮੋਦੀ ਨੂੰ ਖਲਨਾਇਕ ਬਣਾਉਣਾ ਗਲਤ ਹੈ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੀ ਨਿੰਦਾ ਕਰਕੇ ਅਸਲ ਵਿੱਚ ਵਿਰੋਧੀ ਧਿਰ ਉਨ੍ਹਾਂ ਦੀ ਮਦਦ ਹੀ ਕਰਦੀ ਹੈ। ਕੰਮ ਹਮੇਸ਼ਾ ਚੰਗੇ, ਬੁਰੇ ਜਾਂ ਵਿਲੱਖਣ ਹੁੰਦੇ ਹਨ- ਇਸ ਕਰਕੇ ਮੁੱਦਿਆਂ ਦੇ ਆਧਾਰ ’ਤੇ ਰਾਇ ਬਣਾਉਣੀਚਾਹੀਦੀ ਹੈ, ਨਾ ਕਿ ਸ਼ਖ਼ਸੀਅਤ ਦੇ ਆਧਾਰ ’ਤੇ। ਇਹ ਸਪੱਸ਼ਟ ਹੈ ਕਿ ਉੱਜਵਲਾ ਸਕੀਮ ਉਨ੍ਹਾਂ ਵਲੋਂ ਕੀਤੇ ਚੰਗੇ ਕੰਮਾਂ ਵਿਚੋਂ ਇੱਕ ਹੈ।’’ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ, ‘‘ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਪਿਛਲੇ ਛੇ ਸਾਲਾਂ ਤੋਂ ਕਹਿ ਰਿਹਾ ਹਾਂ ਕਿ ਜਦੋਂ ਵੀ ਨਰਿੰਦਰ ਮੋਦੀ ਕੁਝ ਚੰਗਾ ਕਹਿੰਦੇ ਹਨ ਜਾਂ ਚੰਗਾ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਜਦੋਂ ਉਹ ਗਲਤੀ ਕਰਦੇ ਹਨ ਤਾਂ ਸਾਡੇ ਵਲੋਂ ਕੀਤੀ ਜਾਂਦੀ ਉਨ੍ਹਾਂ ਦੀ ਆਲੋਚਨਾ ਸਹੀ ਲੱਗੇਗੀ।’’ ਦੱਸਣਯੋਗ ਹੈ ਕਿ ਬੀਤੇ ਦਿਨ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਮੋਦੀ ਸਰਕਾਰ ਦਾ ਮਾਡਲ ‘ਪੁਰੀ ਤਰ੍ਹਾਂ ਨਾਕਾਰਾਤਮਕ ਕਹਾਣੀ’ ਨਹੀਂ ਹੈ ਅਤੇ ਉਨ੍ਹਾਂ ਵਲੋਂ ਕੀਤੇ ਕੰਮਾਂ ਦੀ ਮਹੱਤਤਾ ਨੂੰ ਸਵੀਕਾਰ ਨਾ ਕਰਨ ਤੇ ਉਨ੍ਹਾਂ ਨੂੰ ਹਰ ਸਮੇਂ ਖਲਨਾਇਕ ਵਾਂਗ ਪੇਸ਼ ਕਰਨ ਨਾਲ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ।’’ ਉਨ੍ਹਾਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੀ ਸਫ਼ਲਤਾ ਦੀ ਉਦਾਹਰਣ ਵੀ ਦਿੱਤੀ ਸੀ। ਰਾਮੇਸ਼ ਦੇ ਬਿਆਨ ਦੇ ਵਿਰੋਧ ਵਿੱਚ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਕੇ.ਕੇ. ਤਿਵਾੜੀ ਨੇ ਆਖਿਆ ਕਿ ਕਾਂਗਰਸ ਦੇ ਕੁਝ ਆਗੂਆਂ ਵਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜੋ ਪਾਰਟੀ ਦੇ ਹਿੱਤ ਵਿੱਚ ਨਹੀਂ ਹਨ।
INDIA ਜੈਰਾਮ ਰਮੇਸ਼ ਮਗਰੋਂ ਸਿੰਘਵੀ ਤੇ ਥਰੂਰ ਵੀ ਮੋਦੀ ਦੇ ਹੱਕ ’ਚ ਨਿੱਤਰੇ