ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬੰਨ੍ਹ ’ਤੇ ਦੌਰਾ ਕੀਤਾ। ਬੀਬੀ ਬਾਦਲ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਡਰੇਨਾਂ ਦੀ ਸਫ਼ਾਈ ਅਤੇ ਬੰਨ੍ਹ ਦੀ ਮਜ਼ਬੂਤੀ ਲਈ ਕੋਈ ਕੰਮ ਨਹੀਂ ਕੀਤਾ, ਜਿਸ ਦੇ ਸਿੱਟੇ ਵਜੋਂ ਵੱਡਾ ਨੁਕਸਾਨ ਹੋਇਆ ਹੈ। ਉਹ ਅੱਜ ਪਿੰਡ ਭੋਲੇਵਾਲ ਅਤੇ ਮੀਓਵਾਲ ਪਿੰਡਾਂ ‘ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੇ ਦੁੱਖ ਦਰਦ ਸੁਣਨ ਵਾਸਤੇ ਆਏ ਸਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਛੇ-ਛੇ ਮਹੀਨੇ ਪਹਿਲਾਂ ਹੀ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਸਨ ਪਰ ਕੈਪਟਨ ਸਰਕਾਰ ਨੇ ਹੜ੍ਹਾਂ ਉਪਰੰਤ ਵੀ ਕੋਈ ਅਜਿਹੀ ਮੀਟਿੰਗ ਨਹੀਂ ਬੁਲਾਈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ। ਕੇਂਦਰ ਵੱਲੋਂ ਮਿਲਣ ਵਾਲੀ ਮਦਦ ਸਬੰਧੀ ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਕੰਮਾਂ ਲਈ ਮੰਤਰੀ ਦਿੱਲੀ ਬੈਠੇ ਰਹਿੰਦੇ ਹਨ ਪਰ ਹੁਣ ਲੋਕਾਂ ਲਈ ਸਿਰਫ਼ ਪੱਤਰ ਰਾਹੀਂ ਮਦਦ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਮਦਦ ਲਈ ਕੇਂਦਰ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਮਦਦ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ, ਅਕਾਲੀ ਆਗੂ ਦਰਸ਼ਨ ਸਿੰਘ ਸ਼ਿਵਾਲਕ, ਤਹਿਸੀਲਦਾਰ ਜੁਗਿੰਦਰ ਸਿੰਘ, ਭਾਵਨਾ ਖਹਿਰਾ, ਸਤਿੰਦਰ ਸਿੰਘ ਧੰਜੂ, ਰਾਮਜੀ ਦਾਸ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।
INDIA ਹਰਸਿਮਰਤ ਨੇ ਹੜ੍ਹ ਪੀੜਤਾਂ ਦੀ ਸਾਰ ਲਈ; ਮਦਦ ਦਾ ਭਰੋਸਾ ਦਿੱਤਾ