ਵਾਦੀ ’ਚ ਜੁੰਮੇ ਦੀ ਨਮਾਜ਼ ਮਗਰੋਂ ਪ੍ਰਦਰਸ਼ਨ

ਕਸ਼ਮੀਰ ਦੇ ਮੁੱਖ ਸ਼ਹਿਰ ਸ੍ਰੀਨਗਰ ਸਮੇਤ ਪੂਰੀ ਵਾਦੀ ’ਚ ਸ਼ੁੱਕਰਵਾਰ ਨੂੰ ਸ਼ਾਂਤੀ ਕਾਇਮ ਰਹੀ। ਉਂਜ ਜੁੰਮੇ ਦੀ ਨਮਾਜ਼ ਮਗਰੋਂ ਸੋਉਰਾ ’ਚ ਕਰੀਬ 300 ਵਿਅਕਤੀਆਂ ਨੇ ਪ੍ਰਦਰਸ਼ਨ ਕੀਤੇ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ੍ਰੀਨਗਰ ਅਤੇ ਵਾਦੀ ਦੇ ਕੁਝ ਹਿੱਸਿਆਂ ’ਚ ਮੁੜ ਤੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ,‘‘ਕਰੀਬ 300 ਵਿਅਕਤੀਆਂ ਨੇ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਸੋਉਰਾ ’ਚ ਜੁੰਮੇ ਦੀ ਨਮਾਜ਼ ਮਗਰੋਂ ਪ੍ਰਦਰਸ਼ਨ ਕੀਤੇ। ਸੁਰੱਖਿਆ ਬਲਾਂ ਵੱਲੋਂ ਹਲਕੇ ਲਾਠੀਚਾਰਜ ਅਤੇ ਵਾਰ-ਵਾਰ ਕੀਤੇ ਜਾ ਰਹੇ ਐਲਾਨਾਂ ਮਗਰੋਂ ਭੀੜ ਖਿੰਡ ਗਈ।’’ ਉਨ੍ਹਾਂ ਕਿਹਾ ਕਿ ਸ੍ਰੀਨਗਰ ਅਤੇ ਵਾਦੀ ਦੇ ਕਈ ਹੋਰ ਹਿੱਸਿਆਂ ’ਚ ਪਾਬੰਦੀਆਂ ਮੁੜ ਆਇਦ ਕਰਨੀਆਂ ਪਈਆਂ ਕਿਉਂਕਿ ਵੱਖਵਾਦੀਆਂ ਵੱਲੋਂ ਸੰਯੁਕਤ ਰਾਸ਼ਟਰ ਦੇ ਫ਼ੌਜੀ ਨਿਗਰਾਨ ਗਰੁੱਪ ਦੇ ਸਥਾਨਕ ਦਫ਼ਤਰ ਵੱਲ ਚਾਲੇ ਪਾਉਣ ਸਬੰਧੀ ਪੋਸਟਰ ਲੱਗੇ ਹੋਏ ਮਿਲੇ ਸਨ। ਪੋਸਟਰਾਂ ’ਚ ਜੁਆਇੰਟ ਰਜ਼ਿਸਟੈਂਸ ਲੀਡਰਸ਼ਿਪ ਦੇ ਵੱਖਵਾਦੀਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦੇ ਵਿਰੋਧ ’ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਵੱਲ ਮਾਰਚ ਕੱਢਣ। ਵੱਖਵਾਦੀਆਂ ਦਾ ਦਾਅਵਾ ਹੈ ਕਿ ਕੇਂਦਰ ਨੇ ਧਾਰਾ 370 ਖ਼ਤਮ ਕਰਕੇ ਸੂਬੇ ਦੇ ਭੂਗੋਲ ਨੂੰ ਬਦਲਣ ਦੀ ਸਾਜ਼ਿਸ਼ ਘੜੀ ਹੈ। ਲੋਕਾਂ ਨੂੰ ਲਾਲ ਚੌਕ ਅਤੇ ਸੋਨਾਵਾਰ ਵੱਲ ਮਾਰਚ ਕੱਢਣ ਤੋਂ ਰੋਕਣ ਲਈ ਕਈ ਥਾਵਾਂ ’ਤੇ ਬੈਰੀਕੇਡ ਅਤੇ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਅਮਨ ਕਾਨੂੰਨ ਬਹਾਲ ਰੱਖਣ ਲਈ ਕਈ ਥਾਵਾਂ ’ਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

Previous articleਹਰਸਿਮਰਤ ਨੇ ਹੜ੍ਹ ਪੀੜਤਾਂ ਦੀ ਸਾਰ ਲਈ; ਮਦਦ ਦਾ ਭਰੋਸਾ ਦਿੱਤਾ
Next articleਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿ ਤਿਆਰ: ਕੁਰੈਸ਼ੀ