ਭਾਰਤ ਦੇ ਬੀ ਸਾਈ ਪ੍ਰਣੀਤ ਨੇ ਅੱਜ ਇੱਥੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ’ਤੇ ਸਿੱਧੇ ਗੇਮ ’ਚ ਜਿੱਤ ਦਰਜ ਕਰ ਕੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ ਅਤੇ ਇਸ ਤਰ੍ਹਾਂ ਉਸ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ’ਚ ਤਗ਼ਮੇ ਦਾ ਪਿਛਲੇ 36 ਸਾਲਾਂ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ। ਇਸੇ ਦੌਰਾਨ ਭਾਰਤ ਦੀ ਸਿਖ਼ਰਲਾ ਦਰਜਾ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਮੁਕਾਬਲੇ ’ਚ ਦੂਜਾ ਦਰਜਾ ਪ੍ਰਾਪਤ ਚੀਨੀ ਤਾਇਪੇ ਦੀ ਤਾਇ ਜ਼ੂ ਯਿੰਗ ਨੂੰ ਹਰਾ ਕੇ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਸਿੰਧੂ ਨੇ ਟੂਰਨਾਮੈਂਟ ਦਾ ਆਪਣਾ ਪੰਜਵਾਂ ਤਗ਼ਮਾ ਪੱਕਾ ਕੀਤਾ। ਉਹ ਇਸ ਤੋਂ ਪਹਿਲਾਂ ਦੋ ਚਾਂਦੀ ਤੇ ਦੋ ਕਾਂਸੀ ਦੇ ਤਗ਼ਮੇ ਜਿੱਤ ਚੁੱਕੀ ਹੈ। ਉੱਧਰ, ਇਸ ਤੋਂ ਪਹਿਲਾਂ ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਆਪਣੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਡੈਨਮਾਰਕ ਦੀ ਮੀਆ ਬਲਿਚਫੈਲਟ ਤੋਂ ਹਾਰ ਕੇ ਬਾਹਰ ਹੋ ਗਈ।
ਇਸ ਸਾਲ ਅਰਜੁਨ ਪੁਰਸਕਾਰ ਲਈ ਚੁਣੇ ਗਏ ਵਿਸ਼ਵ ’ਚ 19ਵੇਂ ਨੰਬਰ ਦੇ ਪ੍ਰਣੀਤ ਨੇ ਕੁਆਰਟਰ ਫਾਈਨਲ ’ਚ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਤੇ ਵਿਸ਼ਵ ’ਚ ਚੌਥੇ ਨੰਬਰ ਦੇ ਜੋਨਾਥਨ ਕ੍ਰਿਸਟੀ ’ਤੇ 24-22, 21-14 ਨਾਲ ਜਿੱਤ ਦਰਜ ਕਰ ਕੇ ਇਸ ਵਕਾਰੀ ਟੂਰਨਾਮੈਂਟ ’ਚ ਆਪਣੇ ਲਈ ਤਗ਼ਮਾ ਪੱਕਾ ਕੀਤਾ। ਉੱਘੇ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਇਸ ਮੁਕਾਬਲੇ ’ਚ ਪੁਰਸ਼ ਸਿੰਗਲਜ਼ ’ਚ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਸਨ। ਉਨ੍ਹਾਂ ਨੇ 1983 ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜਿੱਤਿਆ ਸੀ। ਪ੍ਰਣੀਤ ਨੇ 2017 ’ਚ ਸਿੰਗਾਪੁਰ ਓਪਨ ਜਿੱਤਿਆ ਸੀ ਅਤੇ ਉਹ ਇਸ ਸਾਲ ਦੇ ਸ਼ੁਰੂ ’ਚ ਸਵਿੱਸ ਓਪਨ ’ਚ ਉਪ ਜੇਤੂ ਰਿਹਾ ਸੀ। ਇਸੇ ਦੌਰਾਨ ਇਸ ਵਕਾਰੀ ਟੂਰਨਾਮੈਂਟ ਦੇ ਪਿਛਲੇ ਦੋ ਆਯੋਜਨਾਂ ਵਿਚ ਚਾਂਦੀ ਤਗ਼ਮਾ ਜਿੱਤਣ ਵਾਲੀ ਸਿੰਧੂ ਨੇ ਵਿਸ਼ਵ ਰੈਂਕਿੰਗ ਦੀ ਸਾਬਕਾ ਨੰਬਰ ਇਕ ਖਿਡਾਰਨ ਨੂੰ ਪੱਛੜਨ ਤੋਂ ਬਾਅਦ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ 12-21, 23-21, 21-19 ਨਾਲ ਹਰਾਇਆ। ਓਲੰਪਿਕ ਚਾਂਦੀ ਤਗ਼ਮ ਜੇਤੂ 24 ਸਾਲਾ ਸਿੰਧੂ ਫਾਈਨਲ ਵਿਚ ਜਗ੍ਹਾ ਪੱਕੀ ਕਰਨ ਲਈ ਚੀਨ ਦੀ ਚੇਨ ਯੂ ਫੇਈ ਅਤੇ ਡੈਨਮਾਰਕ ਦੀ ਮੀਆ ਬਲਿਚਫੈਲਟ ਵਿਚਾਲੇ ਹੋਣ ਵਾਲੇ ਇਕ ਹੋਰ ਕੁਆਰਟਰ ਫਾਈਨਲ ਮੁਕਾਬਲੇ ਦੀ ਜੇਤੂ ਨਾਲ ਭਿੜੇਗੀ। ਇਸ ਤੋਂ ਪਹਿਲਾਂ ਅੱਠਵਾਂ ਦਰਜਾ ਪ੍ਰਾਪਤ ਸਾਇਨਾ ਨੂੰ 12ਵਾਂ ਦਰਜਾ ਪ੍ਰਾਪਤ ਬਲਿਚਫੈਲਟ ਨੇ ਇਕ ਘੰਟਾ 12 ਮਿੰਟਾਂ ਤੱਕ ਚੱਲੇ ਮੈਚ ਵਿੱਚ 15-21, 27-25, 21-12 ਨਾਲ ਹਰਾਇਆ।
,ਸਾਇਨਾ ਨੇ ਜਕਾਰਤਾ ਵਿਚ 2015 ’ਚ ਚਾਂਦੀ ਤੇ ਗਲਾਸਗੋ ਵਿੱਚ ਕਾਂਸੀ ਤਗ਼ਮਾ ਜਿੱਤਿਆ ਸੀ।
ਇਸੇ ਦੌਰਾਨ ਭਾਰਤ ਦੇ ਪ੍ਰੇਮ ਕੁਮਾਰ ਅਲੇ ਨੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ’ਚ ਸਿਖ਼ਰਲਾ ਦਰਜਾ ਥੌਮਸ ਵਾਂਡਸ਼ਨਾਈਡਰ ਨੂੰ ਹਰਾ ਕੇ ਉਲਟਫੇਰ ਕੀਤਾ। ਯੁਗਾਂਡਾ ਇੰਟਰਨੈਸ਼ਨਲ 2019 ਦੇ ਸੈਮੀ ਫਾਈਨਲ ’ਚ ਪਹੁੰਚਣ ਵਾਲੇ ਅਲੇ ਨੇ ‘ਵ੍ਹੀਲਚੇਅਰ ਡਬਲਿਊਐੱਚ ਇਕ’ ਮੁਕਾਬਲੇ ’ਚ ਪਹਿਲੇ ਸੈੱਟ ਗੁਆਉਣ ਤੋਂ ਬਾਅਦ ਵਿਸ਼ਵ ਰੈਂਕਿੰਗ ’ਚ ਦੂਜੇ ਸਥਾਨ ’ਤੇ ਕਾਬਜ਼ ਜਰਮਨੀ ਦੇ ਖਿਡਾਰੀ ਵਾਂਡਸ਼ਨਾਈਡਰ ਨੂੰ 18-21, 21-15, 21-18 ਨਾਲ ਹਰਾ ਕੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।
Sports ਬੈਡਮਿੰਟਨ: ਪ੍ਰਣੀਤ ਨੇ 36 ਸਾਲਾਂ ਬਾਅਦ ਪੁਰਸ਼ ਵਰਗ ’ਚ ਤਗ਼ਮਾ ਪੱਕਾ ਕੀਤਾ