ਵਿਵਾਦ ਕਾਰਨ ਪੁਰਸਕਾਰ ਚੋਣ ਕਮੇਟੀ ’ਚੋਂ ਹਟੀ: ਮੇਰੀਕੌਮ

ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮਸੀ ਮੇਰੀਕੌਮ ਦਰੋਣਾਚਾਰੀਆ ਪੁਰਸਕਾਰ ਚੋਣ ਕਮੇਟੀ ਅਤੇ ਟਰਾਇਲ ਸਬੰਧੀ ਵਿਵਾਦਾਂ ਤੋਂ ਕਾਫ਼ੀ ਨਾਰਾਜ਼ ਜਾਪੀ ਅਤੇ ਉਸ ਨੇ ਕਿਹਾ ਕਿ ਇਸ ਦਾ ਸਿੱਧਾ ਅਸਰ ਉਸ ’ਤੇ ਪੈਂਦਾ ਹੈ। ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਮੇਰੀਕੌਮ ਨੇ ਖ਼ੁਦ ਨੂੰ ਦਰੋਣਾਚਾਰੀਆ ਪੁਰਸਕਾਰ ਚੋਣ ਕਮੇਟੀ ਦੀ ਸ਼ਨਿੱਚਰਵਾਰ ਨੂੰ ਚੋਣ ਪ੍ਰਕਿਰਿਆ ਲਈ ਹੋਈ ਮੀਟਿੰਗ ਤੋਂ ਅਲੱਗ ਕਰ ਲਿਆ ਸੀ। ਉਸ ਦੇ ਕੋਚ ਛੋਟੇ ਲਾਲ ਯਾਦਵ ਇਸ ਪੁਰਸਕਾਰ ਦੀ ਦੌੜ ਵਿੱਚ ਸਨ, ਚੋਣ ਪੈਨਲ ਵਿੱਚ ਸ਼ਾਮਲ ਹੋਣ ਕਾਰਨ ਮੇਰੀ ਕੌਮ ਦੀ ਆਲੋਚਨਾ ਹੋ ਰਹੀ ਸੀ। ਮੁੱਕੇਬਾਜ਼ੀ ਫੈਡਰੇਸ਼ਨ ਨੇ ਯਾਦਵ ਦਾ ਨਾਮ ਮੇਰੀਕੌਮ ਦੀ ਸਲਾਹ ’ਤੇ ਭੇਜਿਆ ਸੀ।
ਇਸ ਬਾਰੇ ਪੁੱਛਣ ’ਤੇ ਰਾਜ ਸਭਾ ਮੈਂਬਰ ਮੇਰੀਕੌਮ ਨੇ ਇੱਥੇ ਆਲ ਇੰਡੀਆ ਗੇਮਿੰਗ ਫੈਡਰੇਸ਼ਨ (ਏਆਈਐੱਫਐੱਫ) ਵੱਲੋਂ ਕਰਵਾਏ ਪ੍ਰੋਗਰਾਮ ਮੌਕੇ ਪੱਤਰਕਾਰਾਂ ਨੂੰ ਕਿਹਾ, ‘‘ਪਹਿਲਾਂ ਵਿਵਾਦ ਖੜ੍ਹਾ ਕਰ ਦਿੱਤਾ, ਫਿਰ ਇਸ ’ਤੇ ਸਵਾਲ ਪੁੱਛੇ ਜਾ ਰਹੇ ਹਨ। ਇਹ ਮੰਦਭਾਗਾ ਸੀ। ਮੈਂ ਪਹਿਲਾਂ ਵੀ ਚੇਅਰਮੈਨ (ਪੁਰਸਕਾਰ ਚੋਣ ਪੈਨਲ ’ਚ) ਸੀ, ਇਸ ਵਾਰ ਵੀ ਮੈਂ ਚੋਣ ਪੈਨਲ ਵਿੱਚ ਸੀ। ਉਸ ਸਮੇਂ, ਉਨ੍ਹਾਂ ਦਿਨਾਂ ਵਿੱਚ ਕੀ ਕੋਈ ਵਿਵਾਦ ਹੋਇਆ ਸੀ? ਉਦੋਂ ਵੀ ਮੈਂ ਕਈ ਕੋਚਾਂ ਦੀ ਸਿਫ਼ਾਰਿਸ਼ ਕੀਤੀ ਸੀ, ਇਸ ਵਾਰ ਕੀ ਹੋਇਆ, ਪਤਾ ਨਹੀਂ।’’
ਇਹ ਪੁੱਛਣ ’ਤੇ ਕੀ ਇਸ ਲਈ ਉਨ੍ਹਾਂ ਨੇ ਕਮੇਟੀ ਦੀ ਮੀਟਿੰਗ ਤੋਂ ਹਟਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ, ‘‘ਬਿਲਕੁਲ। ਕਿਉਂ ਨਹੀਂ। ਮੈਂ ਰਹਾਂਗੀ ਤਾਂ ਸਮੱਸਿਆ ਪੈਦਾ ਹੋਵੇਗੀ। ਇਸ ਦਾ ਅਸਰ ਮੇਰੇ ’ਤੇ ਪੈ ਰਿਹਾ ਹੈ। ਜੋ ਵੀ ਇਸ ਦਾ (ਦਰੋਣਾਚਾਰੀਆ ਪੁਰਸਕਾਰ) ਹੱਕਦਾਰ ਹੈ, ਉਸ ਨੂੰ ਚੁਣਿਆ ਜਾਣਾ ਚਾਹੀਦਾ ਹੈ।’’

Previous articleਭਾਰਤ ਅੱਜ ਕਰੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ
Next articleਪ੍ਰਜਨੇਸ਼ ਵਿੰਸਟਨ ਸੇਲਮ ਓਪਨ ’ਚੋਂ ਬਾਹਰ