ਪਾਣੀ-ਪਾਣੀ ਹੋਇਆ ਪੰਜਾਬ
ਜਲੰਧਰ ਤੇ ਕਪੂਰਥਲਾ ’ਚ ਚਾਰ ਥਾਈਂ ਧੁੱਸੀ ਬੰਨ੍ਹ ਟੁੱਟੇ; ਨੌਜਵਾਨ ਰੁੜ੍ਹਿਆ
ਪੰਜਾਬ ਤੇ ਹਰਿਆਣਾ ਵਿਚ ਭਾਵੇਂ ਮੰਗਲਵਾਰ ਮੀਂਹ ਨਹੀਂ ਪਿਆ ਪਰ ਦੋਵਾਂ ਸੂਬਿਆਂ ਦੇ ਬਹੁਤੇ ਹਿੱਸਿਆਂ ਵਿਚ ਲੰਘੇ ਦਿਨਾਂ ਦੌਰਾਨ ਹੋਈ ਭਰਵੀਂ ਬਾਰਿਸ਼ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਕੁਝ ਪ੍ਰਭਾਵਿਤ ਇਲਾਕਿਆਂ ’ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ ਹੈ ਪਰ ਸਤਲੁਜ ਦੇ ਧੁੱਸੀ ਬੰਨ੍ਹਾਂ ਵਿਚ ਪਏ ਪਾੜ ਕਾਰਨ ਲੁਧਿਆਣਾ, ਰੂਪਨਗਰ ਤੇ ਜਲੰਧਰ ਦੇ ਪਿੰਡ ਅਜੇ ਵੀ ਪਾਣੀ ਵਿਚ ਡੁੱਬੇ ਹੋਏ ਹਨ। ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿਚ ਅੱਜ ਚਾਰ ਹੋਰ ਥਾਵਾਂ ਤੋਂ ਪਾੜ ਪੈ ਗਿਆ ਹੈ। ਇਸ ਕਾਰਨ ਜਲੰਧਰ ਤੇ ਕਪੂਰਥਲਾ ਦੇ 80 ਤੋਂ ਵੱਧ ਪਿੰਡ ਹੜ੍ਹਾਂ ਦੀਮਾਰ ਹੇਠ ਆ ਗਏ ਹਨ। ਕਈ ਪਿੰਡਾਂ ਦਾ ਆਪਸ ’ਚ ਸੰਪਰਕ ਟੁੱਟ ਗਿਆ ਹੈ ਤੇ ਉੱਥੇ ਤੱਕ ਪਹੁੰਚਣ ਲਈ ਸਿਰਫ਼ ਕਿਸ਼ਤੀ ਹੀ ਇਕ ਸਾਧਨ ਰਹਿ ਗਈ ਹੈ। ਲੰਘੀ ਰਾਤ ਬੰਨ੍ਹ ਨੂੰ ਮਜ਼ਬੂਤ ਕਰਨ ’ਚ ਲੱਗੇ ਹੋਏ ਲੋਕਾਂ ’ਚੋਂ ਪਿੰਡ ਚੱਕ ਬੁੰਡਾਲਾ ਦਾ ਰਹਿਣ ਵਾਲਾ 25 ਸਾਲ ਦਾ ਵਿਜੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਉਸ ਨੂੰ ਲੱਭਣ ਲਈ ਐੱਨਡੀਆਰਐੱਫ ਦੇ ਜਵਾਨ ਲੱਗੇ ਰਹੇ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਪਾਣੀ ਐਨੀ ਤੇਜ਼ੀ ਨਾਲ ਪਿੰਡਾਂ ਵੱਲ ਵੱਧ ਰਿਹਾ ਸੀ ਕਿ ਲੋਕਾਂ ਨੂੰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਲੋਕਾਂ ਦੇ ਘਰਾਂ ਵਿਚ ਪਾਣੀ 10 ਤੋਂ 15 ਫੁੱਟ ਤੱਕ ਚਲਾ ਗਿਆ ਹੈ। ਦੋ ਮੰਜ਼ਿਲਾ ਘਰਾਂ ’ਚ ਲੋਕਾਂ ਨੇ ਆਪਣਾ ਸਾਮਾਨ ਉੱਪਰਲੀ ਮੰਜ਼ਿਲ ’ਤੇ ਰੱਖ ਲਿਆ ਹੈ। ਪਾਣੀ ਵਿਚ ਘਿਰੇ ਇਨ੍ਹਾਂ ਲੋਕਾਂ ਲਈ ਭਲਕ ਸਵੇਰ ਤੋਂ ਹਵਾਈ ਫੌਜ ਵੱਲੋਂ ਖਾਣੇ ਅਤੇ ਹੋਰ ਸਾਮਾਨ ਦੇ ਪੈਕੇਟ ਸੁੱਟੇ ਜਾਣਗੇ। ਸਰਕਾਰੀ ਅੰਕੜਿਆਂ ਅਨੁਸਾਰ 30 ਹਜ਼ਾਰ ਏਕੜ ਤੋਂ ਵੱਧ ਫ਼ਸਲ ਤਬਾਹ ਹੋ ਗਈ ਹੈ ਜਦਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਅੰਕੜਾ ਅੱਧਾ ਵੀ ਨਹੀਂ ਹੈ। ਦੋ ਦਿਨਾਂ ਦੌਰਾਨ ਸਤਲੁਜ ਦਰਿਆ ’ਚ ਹੁਣ ਤੱਕ 9 ਥਾਵਾਂ ਤੋਂ ਪਾੜ ਪੈ ਚੁੱਕੇ ਹਨ। ਸਤਲੁਜ ਵਿਚ ਅੱਜ ਚਾਰ ਥਾਵਾਂ ਤੋਂ ਪਾੜ ਪਿਆ ਜਦਕਿ ਸੁਲਤਾਨਪੁਰ ਨੇੜਲੇ ਸਰੂਪਵਾਲ ਪਿੰਡ ਵਿਚ ਵੀ ਧੁੱਸੀ ਬੰਨ੍ਹ ’ਚ ਪਾੜ ਪੈ ਗਿਆ। ਇਸ ਨਾਲ 30 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਸਰੂਪਵਾਲ ਵਿਚ ਪਏ ਪਾੜ ਨੂੰ ਪੂਰਨ ਲਈ ਫ਼ੌਜ ਨੇ ਮੋਰਚਾ ਸੰਭਾਲ ਲਿਆ ਸੀ। ਇਹ ਬੰਨ੍ਹ ਸ਼ਾਮੀ 3.30 ਵਜੇ ਦੇ ਕਰੀਬ ਟੁੱਟ ਗਿਆ ਸੀ। ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੜ੍ਹਾਂ ਨਾਲ ਕਰੀਬ 50 ਪਿੰਡਾਂ ਦੀ 30,000 ਏਕੜ ਜ਼ਮੀਨ ਵਿਚ ਪਾਣੀ ਭਰ ਗਿਆ ਹੈ। ਬੰਨ੍ਹਾਂ ਵਿਚ ਪਏ ਪਾੜਾਂ ਨੂੰ ਪੂਰਨ ਲਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ ਤੇ ਫ਼ੌਜ ਦੀ ਇਕ ਟੁਕੜੀ ਲੋਹੀਆਂ ਪਹੁੰਚ ਗਈ ਹੈ ਅਤੇ ਇਕ ਹੋਰ ਟੁਕੜੀ ਭਲਕ ਤੱਕ ਸ਼ਾਹਕੋਟ ਪਹੁੰਚ ਜਾਵੇਗੀ। ਪਾੜ ਬਾਰੇ ਸੂਚਨਾ ਮਿਲਦਿਆਂ ਹੀ ਕਪੂਰਥਲਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਹੜ੍ਹ ਪੀੜਤਾਂ ਦੀ ਮਦਦ ਕਰਨ ਅਤੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਨਿਰੀਖ਼ਣ ਕਰਨ ਲਈ ਡੀਸੀ ਡੀਪੀਐੱਸ ਖਰਬੰਦਾ, ਵਿਧਾਇਕ ਨਵਤੇਜ ਸਿੰਘ ਚੀਮਾ ਮੌਕੇ ’ਤੇ ਪੁੱਜ ਗਏ ਹਨ। ਪਿੰਡ ਮੰਡਾਲਾ ਵਿਚ ਬੰਨ੍ਹ ਟੁੱਟ ਜਾਣ ਕਾਰਨ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡਾਂ ਲਈ ਬਹਿਬਲ ਬਹਾਦਰ (ਗੁਰਦੁਆਰਾ ਸਾਹਿਬ) ਵਿਚ ਹੜ੍ਹ ਰਾਹਤ ਕੈਂਪ ਸਥਾਪਿਤ ਕੀਤਾ ਗਿਆ ਹੈ। ਰਾਹਤ ਕੇਂਦਰਾਂ ਵਿਚ ਜੱਬੋਵਾਲ, ਸੁਚੇਤ ਗੜ੍ਹ, ਭਾਗੋ ਅਰਾਈਆ, ਰਾਮੇ, ਸ਼ਾਹਵਾਲਾ ਅੰਦਰੀਸਾ, ਸ਼ੇਰਪੁਰ ਸੱਧਾ, ਦੀਪੇਵਾਲ, ਤਰਫ ਹਾਜੀ, ਵਾਟਾਂਵਾਲੀ, ਚੰਨਣ ਵਿੰਡੀ ਤੇ ਸਰੂਪਵਾਲ ਦੇ ਲੋਕਾਂ ਨੂੰ ਲਿਆਂਦਾ ਜਾਵੇਗਾ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸੇਵਾਦਾਰਾਂ ਨਾਲ ਲੋਕਾਂ ਦੀ ਮਦਦ ’ਚ ਲੱਗੇ ਹੋਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਐੱਸਐੱਸਪੀ ਨਵਜੋਤ ਸਿੰਘ ਮਾਹਲ ਅਤੇ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹੜ੍ਹ ਪੀੜਤਾਂ ਤੱਕ ਮੋਟਰਸਾਈਕਲਾਂ ’ਤੇ ਪਹੁੰਚ ਕਰ ਰਹੇ ਹਨ। ਹੜ੍ਹ ਪੀੜਤਾਂ ਨੂੰ ਉੱਥੋਂ ਕੱਢਣ ਲਈ ਨਾਲੋ-ਨਾਲ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਹਦਾਇਤਾਂ ਵੀ ਕਰ ਰਹੇ ਹਨ। ਜਲੰਧਰ ਜ਼ਿਲ੍ਹੇ ਵਿਚ ਗਿੱਦੜਪਿੰਡੀ ਤੇ ਨੇੜਲੇ ਪਿੰਡ ਮੰਡਾਲਾਂ ’ਚ ਅੱਜ ਸਵੇਰੇ ਸੱਤ ਵਜੇ ਦੇ ਕਰੀਬ ਬੰਨ੍ਹ ਟੁੱਟ ਗਿਆ। ਲੋਕ ਇਸ ਨੂੰ ਮਜ਼ਬੂਤ ਕਰਨ ਲਈ ਲੰਘੀ ਰਾਤ ਤੋਂ ਹੀ ਲੱਗੇ ਰਹੇ ਸਨ ਪਰ ਤੜਕੇ ਤੱਕ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ। ਇਸੇ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਹੜ੍ਹਾਂ ਕਾਰਨ ਘਰਾਂ ਦੀਆਂ ਛੱਤਾਂ ’ਤੇ ਫਸੇ ਵਿਅਕਤੀਆਂ ਨੂੰ ਭਲਕੇ ਏਅਰਲਿਫਟ ਕੀਤਾ ਜਾਵੇਗਾ।