ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ‘ਖੇਤਰੀ ਸੁਰੱਖਿਆ ਹਾਲਾਤ’ ਦਾ ਹਵਾਲਾ ਦਿੰਦਿਆਂ ਮੁਲਕ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਵਧਾ ਦਿੱਤਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਜਨਰਲ ਬਾਜਵਾ (58), ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਅੱਜ ਕੱਲ੍ਹ ਸਲਾਖਾਂ ਪਿੱਛੇ ਡੱਕੇ ਨਵਾਜ਼ ਸ਼ਰੀਫ਼ ਨੇ ਨਵੰਬਰ 2016 ਵਿੱਚ ਚੀਫ਼ ਆਫ਼ ਆਰਮੀ ਸਟਾਫ਼ ਥਾਪਿਆ ਸੀ, ਨੇ ਇਸ ਸਾਲ ਨਵੰਬਰ ਵਿੱਚ ਸੇਵਾ ਮੁਕਤ ਹੋਣਾ ਸੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਸੰਖੇਪ ਨੋਟੀਫਿਕੇਸ਼ਨ ’ਚ ਲਿਖਿਆ, ‘ਜਨਰਲ ਕਮਰ ਜਾਵੇਦ ਬਾਜਵਾ ਨੂੰ ਅਗਲੇ ਤਿੰਨ ਸਾਲਾਂ ਲਈ ਚੀਫ਼ ਆਫ਼ ਆਰਮੀ ਸਟਾਫ਼ ਥਾਪਿਆ ਜਾਂਦਾ ਹੈ। ਅਹੁਦੇ ਦੀ ਨਵੀਂ ਮਿਆਦ ਮੌਜੂਦਾ ਕਾਰਜਕਾਲ ਮੁਕੰਮਲ ਹੋਣ ਮਗਰੋਂ ਸ਼ੁਰੂ ਹੋਵੇਗੀ।’ ਰੋਜ਼ਨਾਮਚਾ ‘ਡਾਅਨ’ ਨੇ ਪ੍ਰਧਾਨ ਮੰਤਰੀ ਖ਼ਾਨ ਵੱਲੋਂ ਲਏ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ, ‘ਨਿਯੁਕਤੀ ਸਬੰਧੀ ਫੈਸਲਾ ਖੇਤਰੀ ਸੁਰੱਖਿਆ ਮਾਹੌਲ’ ਦੇ ਮੱਦੇਨਜ਼ਰ ਲਿਆ ਗਿਆ ਹੈ।’ ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਸਨ ਕਿ ਖ਼ਾਨ ਤੇ ਬਾਜਵਾ ਦੇ ਨੇੜੇ ਹੋ ਕੇ ਕੰਮ ਕਰਨ ਕਰਕੇ ਥਲ ਸੈਨਾ ਮੁਖੀ ਨੂੰ ਇਕ ਹੋਰ ਕਾਰਜਕਾਲ ਮਿਲ ਸਕਦਾ ਹੈ। ਖ਼ਾਨ ਦੀ ਪਲੇਠੀ ਅਮਰੀਕਾ ਫੇਰੀ ਮੌਕੇ ਬਾਜਵਾ ਉਨ੍ਹਾਂ ਦੇ ਨਾਲ ਸਨ। ਖ਼ਾਨ ਨੇ ਇਸ ਫੇਰੀ ਦੌਰਾਨ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਵ੍ਹਾਈਟ ਹਾਊਸ ’ਚ ਮੁਲਾਕਾਤ ਵੀ ਕੀਤੀ ਸੀ। ਇਹੀ ਨਹੀਂ ਖ਼ਾਨ ਨੇ ਬਾਜਵਾ ਨੂੰ ਕੌਮੀ ਡਿਵੈਲਪਮੈਂਟ ਕੌਂਸਲ ਲਈ ਵੀ ਨਾਮਜ਼ਦ ਕੀਤਾ ਸੀ। ਬਾਜਵਾ ਦੇ ਕਾਰਜਕਾਲ ਵਿੱਚ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕੀਤੇ ਜਾਣ ਕਰਕੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ’ਚ ਤਲਖ਼ੀ ਸਿਖਰ ’ਤੇ ਹੈ।
World ਪਾਕਿ ਫ਼ੌਜ ਮੁਖੀ ਦੇ ਕਾਰਜਕਾਲ ’ਚ ਤਿੰਨ ਸਾਲ ਦਾ ਵਾਧਾ