ਭਾਰਤੀ ਮਹਿਲਾ ਹਾਕੀ ਟੀਮ ਨੇ ਦੋ ਗੋਲਾਂ ਨਾਲ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਓਲੰਪਿਕ ਟੈਸਟ ਟੂਰਨਾਮੈਂਟ ਦੇ ਰਾਊਂਡ ਰੌਬਿਨ ਲੀਗ ਮੈਚ ਵਿੱਚ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ 2-2 ਗੋਲਾਂ ਨਾਲ ਬਰਾਬਰੀ ’ਤੇ ਰੋਕ ਦਿੱਤਾ। ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਭਾਰਤ ਲਈ ਵੰਦਨਾ ਕਟਾਰੀਆ (36ਵੇਂ ਮਿੰਟ) ਅਤੇ ਗੁਰਜੀਤ ਕੌਰ (59ਵੇਂ ਮਿੰਟ) ਨੇ ਗੋਲ ਕੀਤੇ। ਆਸਟਰੇਲੀਆ ਵੱਲੋਂ ਕੈਟਲਿਨ ਨੋਬਸ ਨੇ 14ਵੇਂ ਅਤੇ ਗ੍ਰੇਸ ਸਟੀਵਰਟ ਨੇ 43ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤ ਨੇ ਕੱਲ੍ਹ ਪਹਿਲੇ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 2-1 ਗੋਲਾਂ ਨਾਲ ਸ਼ਿਕਸਤ ਦਿੱਤੀ ਸੀ। ਦੁਨੀਆਂ ਦੀ ਦਸਵੇਂ ਨੰਬਰ ਦੀ ਭਾਰਤੀ ਟੀਮ ਨੇ ਹਮਲਾਵਰ ਢੰਗ ਨਾਲ ਮੈਚ ਦੀ ਸ਼ੁਰੂਆਤ ਕੀਤੀ। ਉਸ ਨੇ ਆਸਟਰੇਲੀਆ ਵਾਂਗ ਹੀ ਹਮਲਾਵਰ ਹਾਕੀ ਖੇਡੀ, ਜਿਸ ਕਾਰਨ ਦੋਵਾਂ ਟੀਮਾਂ ਨੇ ਪੈਨਲਟੀ ਕਾਰਨਰ ਹਾਸਲ ਕੀਤੇ। ਹਾਲਾਂਕਿ ਦੋਵੇਂ ਇਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀਆਂ। 14ਵੇਂ ਮਿੰਟ ਵਿੱਚ ਭਾਰਤੀ ਡਿਫੈਂਡਰ ਨੇ ਗੋਲ ’ਤੇ ਇੱਕ ਸ਼ਾਟ ਰੋਕ ਦਿੱਤਾ, ਜਿਸ ਮਗਰੋਂ ਆਸਟਰੇਲੀਆ ਨੂੰ ਪੈਨਲਟੀ ਸਟਰੋਕ ਦਿੱਤਾ ਗਿਆ। ਨੋਬਸ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਅਤੇ ਟੀਮ ਨੂੰ 1-0 ਦੀ ਲੀਡ ਦਿਵਾਉਣ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਦੂਜੇ ਕੁਆਰਟਰ ਵਿੱਚ ਪੂਰੀ ਤਰ੍ਹਾਂ ਹਾਵੀ ਰਹੀ ਅਤੇ ਕਈ ਪੈਨਲਟੀ ਕਾਰਨਰ ਹਾਸਲ ਕਰਕੇ ਭਾਰਤੀ ਟੀਮ ਨੂੰ ਦਬਾਅ ਵਿੱਚ ਲਿਆਂਦਾ। ਭਾਰਤੀ ਗੋਲਕੀਪਰ ਸਵਿਤਾ ਨੇ ਕਈ ਚੰਗੇ ਬਚਾਅ ਕੀਤੇ, ਜਿਸ ਨਾਲ ਹਾਫ਼ ਟਾਈਮ ਤੱਕ ਆਸਟਰੇਲੀਆ 1-0 ਨਾਲ ਅੱਗੇ ਰਹੀ। ਤੀਸਰੇ ਕੁਆਰਟਰ ਵਿੱਚ ਫਿਰ ਆਸਟਰੇਲਿਆਈ ਟੀਮ ਦਾ ਦਬਦਬਾ ਰਿਹਾ ਅਤੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਨ ਦੇ ਕੁੱਝ ਮੌਕੇ ਬਣਾਏ। ਸਵਿਤਾ ਨੇ ਫਿਰ ਸ਼ਾਨਦਾਰ ਬਚਾਅ ਕੀਤੇ। ਵੰਦਨਾ ਕਟਾਰੀਆ ਨੇ 36ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਦਾਗ਼ਿਆ। ਇਹ ਲੀਡ ਜ਼ਿਆਦਾ ਸਮੇਂ ਤੱਕ ਨਹੀਂ ਰਹੀ। ਆਸਟਰੇਲੀਆ ਨੇ 43ਵੇਂ ਮਿੰਟ ਵਿੱਚ ਗ੍ਰੇਸ ਸਟੀਵਰਟ ਦੀ ਬਦੌਲਤ ਸਕੋਰ 2-1 ਕਰ ਲਿਆ। ਭਾਰਤੀ ਖਿਡਾਰਨਾਂ ਨੇ ਮਜ਼ਬੂਤ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਟੀਮ ਦੇ ਹੱਥ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਲੱਗਿਆ, ਜਿਸ ਨੂੰ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਗੋਲ ਵਿੱਚ ਬਦਲ ਕੇ ਮੈਚ ਡਰਾਅ ਕਰਵਾਇਆ। ਭਾਰਤੀ ਮਹਿਲਾ ਟੀਮ ਆਪਣੇ ਤੀਜੇ ਅਤੇ ਆਖ਼ਰੀ ਰਾਊਂਡ ਰੌਬਿਨ ਮੈਚ ਵਿੱਚ ਮੰਗਲਵਾਰ ਨੂੰ ਚੀਨ ਨਾਲ ਭਿੜੇਗੀ।
Sports ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ ਬਰਾਬਰੀ ’ਤੇ ਰੋਕਿਆ