ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਪੁਲੀਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਤਾਂ ਪੁਲੀਸ ਨੇ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਹੀ ਹੈ, ਨਾਲ ਹੀ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਵੀ ਨਾਕੇ ਲਗਾਏ ਜਾਣਗੇ। ਜ਼ਿਲ੍ਹਾ ਪੁਲੀਸ ਵੱਲੋਂ ਸ਼ਹਿਰ ਦੀ ਸੁਰੱਖਿਆ ਲਈ ਕਮਾਂਡੋ ਫੋਰਸ ਵੀ ਮੰਗਵਾ ਲਈ ਗਈ ਹੈ। ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਦੌਰਾਨ ਕਰੀਬ 2500 ਪੁਲੀਸ ਮੁਲਾਜ਼ਮਾਂ ਦੇ ਹੱਥ ਵਿੱਚ ਸ਼ਹਿਰ ਦੀ ਸੁਰੱਖਿਆ ਦੀ ਕਮਾਨ ਹੋਵੇਗੀ। ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਖੁਦ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਲਈ ਹੈ। ਹਰ ਪੁਲੀਸ ਅਧਿਕਾਰੀ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਰਿਪੋਰਟ ਕਰ ਕੇ ਪੂਰੀ ਸੁਰੱਖਿਆ ਵਿਵਸਥਾ ਦੀ ਜਾਣਕਾਰੀ ਦੇ ਰਿਹਾ ਹੈ। ਪੁਲੀਸ ਕਮਿਸ਼ਨਰ ਖੁਦ ਵੀ ਸਮੇਂ ਸਮੇਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰ ਰਹੇ ਹਨ ਤਾਂ ਜੋ ਕਿਤੇ ਕੋਈ ਕਮੀ ਨਾ ਰਹੇ।
ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਗੁਰੂ ਨਾਨਕ ਸਟੇਡੀਅਮ ਵਿੱਚ ਹੋਵੇਗਾ, ਜਿਸ ’ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਸ਼ਾਮਲ ਹੋ ਰਹੇ ਹਨ। ਸਮਾਗਮ ਦੌਰਾਨ ਪੁਲੀਸ ਵੱਲੋਂ ਪੂਰੇ ਸਟੇਡੀਅਮ ਨੂੰ ਸਖ਼ਤ ਸੁਰੱਖਿਆ ਦੇ ਘੇਰੇ ਹੇਠ ਲਿਆ ਜਾਵੇਗਾ। ਸਮਾਗਮ ਦੇਖਣ ਆਉਣ ਵਾਲੇ ਲੋਕਾਂ ਵਿਚਾਲੇ ਵੀ ਸਾਦੇ ਕੱਪੜਿਆਂ ’ਚ ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ ਅਤੇ ਹਰ ਸ਼ੱਕੀ ਵਿਅਕਤੀ ’ਤੇ ਨਜ਼ਰ ਰੱਖੀ ਜਾਵੇਗੀ। ਸਟੇਡੀਅਮ ਦੇ ਆਸਪਾਸ ਅੱਜ ਰਾਤ ਤੋਂ ਹੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਬਾਰੇ ਏਡੀਸੀਪੀ ਹੈੱਡ ਕੁਆਰਟਰ ਦੀਪਕ ਪਾਰਕ ਨੇ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਲਈ 2500 ਦੇ ਕਰੀਬ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਸ਼ਹਿਰ ’ਚ ਹਰ ਪਾਸੇ ਨਾਕੇ ਲੱਗੇ ਹੋਏ ਹਨ ਤੇ ਇਹ ਨਾਕੇ ਵੀਰਵਾਰ ਨੂੰ ਆਜ਼ਾਦੀ ਦਿਹਾੜੇ ਵਾਲੇ ਦਿਨ ਵੀ ਰਹਿਗੇ। ਇਸ ਤੋਂ ਇਲਾਵਾ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਵੀ ਨਾਕੇ ਲੱਗੇ ਰਹਿਣਗੇ ਤੇ ਆਉਣ ਵਾਲੇ ਹਰ ਵਾਹਨ ਦੀ ਚੰਗੀ ਤਰ੍ਹਾ ਜਾਂਚ ਕਰਨ ਤੋਂ ਬਾਅਦ ਹੀ ਸ਼ਹਿਰ ਅੰਦਰ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਟੇਡੀਅਮ ਨੇੜੇ ਵੀ ਸੁਰੱਖਿਆ ਪੂਰੀ ਤਰ੍ਹਾਂ ਸਖਤ ਹੈ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਚੌਕਾਂ ’ਚ ਹਰ ਸ਼ੱਕੀ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਇਲਾਕਾ ਏਸੀਪੀ ਵੀ ਆਪਣੇ ਪੱਧਰ ’ਤੇ ਸੁਰੱਖਿਆ ਚੈੱਕ ਕਰ ਰਹੇ ਹਨ। ਸ਼ਾਪਿੰਗ ਮਾਲਾਂ ’ਚ ਵੀ ਸੁਰੱਖਿਆ ਪ੍ਰਬੰਧ ਚੈੱਕ ਕੀਤੇ ਜਾ ਰਹੇ ਹਨ। ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੀ ਪੁਲੀਸ ਨੇ ਸਥਾਨਕ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਮੁਹਿੰਮ ਚਲਾਈ। ਪੁਲੀਸ ਅਧਿਕਾਰੀਆਂ ਦੀ ਅਗਵਾਈ ’ਚ ਡਾਗ ਸਕੁਐਡ, ਬੰਬ ਨਿਰੋਧਕ ਦਸਤੇ ਅਤੇ ਬਾਕੀ ਟੀਮਾਂ ਵੀ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਪੁੱਜੀਆਂ। ਪੁਲੀਸ ਵੱਲੋਂ ਹਰ ਕੋਨੇ ਦੀ ਚੈਕਿੰਗ ਕੀਤੀ ਗਈ ਤੇ ਕੁਝ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਵੀ ਕੀਤੀ ਗਈ। ਸੀਸੀਟੀਵੀ ਕੈਮਰਿਆਂ ਰਾਹੀਂ ਸ਼ੱਕੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
INDIA ਆਜ਼ਾਦੀ ਦਿਹਾੜਾ: ਲੁਧਿਆਣਾ ਦੀ ਸੁਰੱਖਿਆ 25 ਸੌ ਪੁਲੀਸ ਮੁਲਾਜ਼ਮਾਂ ਹੱਥ