ਲੰਙੇਆਣਾ ਵਿੱਚੋਂ ਠੇਕਾ ਚੁਕਾਉਣ ਲਈ ਮੁਜ਼ਾਹਰਾ

ਪਿੰਡ ਲੰਙੇਆਣਾ ਦੇ ਲੋਕਾਂ ਨੇ ਦੋਸ਼ ਲਾਇਆ ਕਿ ਐਕਸਾਈਜ਼ ਵਿਭਾਗ ਦੀ ਮਿਲੀ-ਭੁਗਤ ਨਾਲ ਪਿੰਡ ਦੀ ਸੰਘਣੀ ਅਬਾਦੀ ਵਿੱਚ ਸ਼ਰਾਬ ਠੇਕੇਦਾਰ ਵੱਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਸ਼ਰਾਬ ਦਾ ਠੇਕਾ ਚਲਾਇਆ ਜਾ ਰਿਹਾ ਹੈ। ਮਜ਼ਦੂਰ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਨਿਰਮਲ ਸਿੰਘ ਰਾਜੇਆਣਾ ਨੇ ਕਿਹਾ ਕਿ ਪਿੰਡ ਲੰਙੇਆਣਾ ਪੁਰਾਣਾ ਵਿੱਚ ਸ਼ਰਾਬ ਠੇਕੇਦਾਰਾਂ ਵੱਲੋਂ ਦੋ ਠੇਕੇ ਚਲਾਏ ਜਾ ਰਹੇ ਹਨ। ਇੱਕ ਠੇਕਾ ਮੁੱਦਕੀ-ਬਾਘਾਪੁਰਾਣਾ ਰੋਡ ’ਤੇ ਹੈ ਅਤੇ ਦੂਜਾ ਸੰਘਣੀ ਅਬਾਦੀ ਦੇ ਵਿਚਕਾਰ ਹੈ। ਜਿਸ ਕੋਲ ਮਾਤਾ ਦਾ ਮੰਦਰ, ਮਸੀਤ ਅਤੇ ਸਰਕਾਰੀ ਸਕੂਲ ਵੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸ਼ਰਾਬ ਦੇ ਠੇਕੇਦਾਰ ਦੀ ਸ਼ਹਿ ’ਤੇ ਪੰਜਾਬ ਪੁਲੀਸ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ ’ਤੇ ਸ਼ਰਾਬ ਵੇਚਣ ਦਾ ਨਾਜਾਇਜ਼ ਦੋਸ਼ ਲਾ ਕੇ ਪੁਲੀਸ ਨੇ ਕੁੱਟਮਾਰ ਕੀਤੀ ਹੈ ਜਿਸ ਕਾਰਨ ਇਹ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਡੀ.ਜੀ.ਪੀ. (ਕਰਾਈਮ) ਪੰਜਾਬ, ਹੋਮ ਮਨਿਸਟਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਪੰਚ ਰਾਮ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਲੋਕਾਂ ਨੇ ਠੇਕੇ ਦੇ ਸਾਹਮਣੇ ਸ਼ਰਾਬ ਠੇਕੇਦਾਰਾਂ ਅਤੇ ਪੰਜਾਬ ਪੁਲੀਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਕੱਢਣ ਦੀ ਮੰਗ ਕੀਤੀ। ਅਜਿਹਾ ਨਾ ਕਰਨ ’ਤੇ ਸ਼ੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਸਬੰਧੀ ਜਦੋਂ ਸ਼ਰਾਬ ਠੇਕੇਦਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ। ਲੰਙੇਆਣਾ ਦੀ ਇਸ ਸਮੱਸਿਆ ਬਾਰੇ ਜਦੋਂ ਐਕਸਾਈਜ਼ ਵਿਭਾਗ ਮੋਗਾ ਦੇ ਇੰਸਪੈਕਟਰ ਬਲਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਜੋ ਸੰਘਣੀ ਅਬਾਦੀ ਵਿੱਚ ਇੱਕ ਠੇਕਾ ਹੈ ਉਹ ਮਨਜੂਰਸ਼ੁਦਾ ਹੈ ਪਰ ਦੂਜੇ ਠੇਕੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

Previous articleਭਾਰਤ ਅਤੇ ਚੀਨ ਹੁਣ ‘ਵਿਕਾਸਸ਼ੀਲ ਮੁਲਕ’ ਨਹੀਂ: ਟਰੰਪ
Next articleਹਿੰਦ-ਪਾਕਿ ਦੋਸਤੀ ਮੇਲਾ: ਧਾਰਾ 370 ਖ਼ਤਮ ਕਰਨ ਦਾ ਮੁੱਦਾ ਰਿਹਾ ਭਾਰੂ