ਜੰਮੂ ’ਚੋਂ ਪਾਬੰਦੀਆਂ ਹਟਾਈਆਂ, ਕਸ਼ਮੀਰ ’ਚ ਜਾਰੀ

ਵਧੀਕ ਡੀਜੀ ਤੇ ਪ੍ਰਿੰਸੀਪਲ ਸਕੱਤਰ ਵੱਲੋਂ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ;

ਆਜ਼ਾਦੀ ਦਿਹਾੜੇ ਸਬੰਧੀ ਪ੍ਰਬੰਧ ਮੁਕੰਮਲ

ਜੰਮੂ ਇਲਾਕੇ ਵਿਚ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਲਈਆਂ ਗਈਆਂ ਹਨ ਪਰ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਇਹ ਹਾਲੇ ਕੁਝ ਸਮਾਂ ਲੱਗੀਆਂ ਰਹਿਣਗੀਆਂ। ਜੰਮੂ ਕਸ਼ਮੀਰ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਮੁਨੀਰ ਖ਼ਾਨ ਨੇ ਦੱਸਿਆ ਕਿ ਸ੍ਰੀਨਗਰ ਦੇ ਕੁਝ ਹਿੱਸਿਆਂ ਤੇ ਵਾਦੀ ਦੇ ਕੁਝ ਜ਼ਿਲ੍ਹਿਆਂ ਵਿਚ ਸਥਾਨਕ ਪੱਧਰ ’ਤੇ ਘਟਨਾਵਾਂ ਵਾਪਰੀਆਂ ਹਨ ਪਰ ਇਹ ਕਾਬੂ ਹੇਠ ਰਹੀਆਂ ਹਨ ਤੇ ਇਨ੍ਹਾਂ ਨਾਲ ਸਥਾਨਕ ਪੱਧਰ ’ਤੇ ਹੀ ਨਜਿੱਠਿਆ ਗਿਆ ਹੈ। ਇੱਥੇ ਇਕ ਮੀਡੀਆ ਕਾਨਫ਼ਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਨੂੰ ਵੀ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਮੰਨਿਆ ਕਿ ਪੈਲੇਟ ਨਾਲ ਕੁਝ ਵਿਅਕਤੀ ਜ਼ਖਮੀ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸ੍ਰੀ ਖ਼ਾਨ ਨੇ ਕਿਹਾ ਕਿ ਪੁਲੀਸ ਦੀ ਤਰਜੀਹ ਰਹੀ ਹੈ ਕਿ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪੁੱਜੇ। ਜੰਮੂ ਵਿਚ ਸਕੂਲ ਤੇ ਦਫ਼ਤਰ ਖੁੱਲ੍ਹ ਗਏ ਹਨ। ਹਿਰਾਸਤ ਵਿਚ ਲਏ ਗਏ ਲੋਕਾਂ ਬਾਰੇ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਪੁਲੀਸ ਅਧਿਕਾਰੀ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਚੌਕਸੀ ਤਹਿਤ ਹਿਰਾਸਤਾਂ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ ਹਨ ਤਾਂ ਕਿ ਸ਼ਾਂਤੀ ਕਾਇਮ ਰਹੇ। ਉਨ੍ਹਾਂ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਦਾ ਸਾਰਾ ਧਿਆਨ ਹੁਣ ਆਜ਼ਾਦੀ ਦਿਹਾੜੇ ਦੇ ਸਮਾਗਮਾਂ ’ਤੇ ਕੇਂਦਰਿਤ ਹੈ। ਖ਼ਾਨ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ। ਜੰਮੂ ਕਸ਼ਮੀਰ ਦੇ ਪ੍ਰਿੰਸੀਪਲ ਸਕੱਤਰ ਰੋਹਿਤ ਕਾਂਸਲ ਨੇ ਵੀ ਕਿਹਾ ਹੈ ਕਿ ਸੂੁਬੇ ਦੀ ਸਥਿਤੀ ਸ਼ਾਂਤ ਹੈ। ਪਾਬੰਦੀਆਂ ਵਿਚ ਵਧੇਰੇ ਰਾਹਤ ਸ੍ਰੀਨਗਰ ਸਣੇ ਕਈ ਇਲਾਕਿਆਂ ਵਿਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖ਼ੁਰਾਕ, ਸੜਕ ਮਾਰਗਾਂ, ਹਵਾਈ ਅੱਡੇ ਤੇ ਸਿਹਤ ਸੇਵਾਵਾਂ ਦੇ ਪੱਖ ਤੋਂ ਕੋਈ ਅੜਿੱਕਾ ਨਹੀਂ ਹੈ। ਮੁਨੀਰ ਖ਼ਾਨ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਤੇ ਐੱਸਪੀ ਸਥਿਤੀ ਦੀ ਨਜ਼ਰਸਾਨੀ ਕਰ ਕੇ ਫ਼ੈਸਲੇ ਲੈ ਰਹੇ ਹਨ ਤੇ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿ ਸੂਬੇ ਦੀ ਕਾਨੂੰਨ-ਵਿਵਸਥਾ ਵਿਗਾੜਨ ਲਈ ਹਮੇਸ਼ਾ ਤੋਂ ਹੀ ਕੋਝੇ ਹੱਥਕੰਡੇ ਅਪਣਾਉਂਦਾ ਰਿਹਾ ਹੈ।

Previous articleਚੰਡੀਗੜ੍ਹ ਵਿੱਚ ਪੇਇੰਗ ਗੈਸਟ ਰਹਿੰਦੀਆਂ ਫਾਜ਼ਿਲਕਾ ਦੀਆਂ ਦੋ ਭੈਣਾਂ ਦਾ ਕਤਲ
Next articleਜੰਮੂ ਕਸ਼ਮੀਰ ਬਾਰੇ ਫ਼ੈਸਲਾ ਲੋਕਾਂ ਦੇ ਹਿੱਤ ’ਚ: ਰਾਸ਼ਟਰਪਤੀ