ਕਸ਼ਮੀਰ ਮਸਲੇ ’ਤੇ ਇਕਜੁੱਟ ਹੋਣ ਸਿਆਸੀ ਪਾਰਟੀਆਂ: ਕੁਰੈਸ਼ੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵਿਰੋਧੀ ਪਾਰਟੀਆਂ ਨੂੰ ਕਸ਼ਮੀਰ ਮਸਲੇ ’ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਕੁਰੈਸ਼ੀ ਨੇ ਕਿਹਾ ਕਿ ਮੁਲਕ ਨੂੰ ਇਸ ਮੁੱਦੇ ’ਤੇ ਇਕੱਠਿਆਂ ਖੜ੍ਹਨਾ ਚਾਹੀਦਾ ਹੈ। ਵਿਦੇਸ਼ ਮੰਤਰੀ ਇਥੇ ਈਦ ਮਨਾਉਣ ਦੇ ਨਾਲ ਸ਼ਰਨਾਰਥੀ ਕੈਂਪ ਦੀ ਫੇਰੀ ਪਾਉਣ ਲਈ ਆਏ ਸੀ। ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫ਼ਰਾਬਾਦ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੁਰੈਸ਼ੀ ਨੇ ਕਿਹਾ, ‘ਪਾਕਿਸਤਾਨੀ ਮੁਲਕ ਅਤੇ ਸਿਆਸੀ ਲੀਡਰਸ਼ਿਪ ਕਸ਼ਮੀਰ ਮੁੱਦੇ ਨੂੰ ਲੈ ਕੇ ਇਕਜੁੱਟ ਹੈ ਤੇ 14 ਅਗਸਤ ਨੂੰ ਮੁਲਕ ਦੇ ਆਜ਼ਾਦੀ ਦਿਹਾੜੇ ਮੌਕੇ ਕਸ਼ਮੀਰੀਆਂ ਦੇ ਹੱਕ ਵਿੱਚ ਇਕਸੁਰ ਹੋ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ।’ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ 14 ਅਗਸਤ ਨੂੰ ‘ਕਸ਼ਮੀਰ ਨਾਲ ਇਕਜੁੱਟਤਾ ਦਿਹਾੜੇ’ ਜਦੋਂਕਿ 15 ਅਗਸਤ ਨੂੰ ‘ਕਾਲੇ ਦਿਨ’ ਵਜੋਂ ਮਨਾਉਣਗੇ। ਕੁਰੈਸ਼ੀ ਨੇ ਮੁਲਕ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰ ਮਸਲੇ ’ਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਨ। ਉਨ੍ਹਾਂ ਪਾਰਟੀਆਂ ਨੂੰ ਇਸ ਮੁੱਦੇ ’ਤੇ ਸਿਆਸਤ ਕਰਨ ਤੋਂ ਵਰਜਦਿਆਂ ਕਿਹਾ ਕਿ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

Previous articleਕਰਤਾਰਪੁਰ ਲਾਂਘੇ ਦਾ ਕੰਮ 15 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ: ਸਿੰਗਲਾ
Next articleਵੈਸਟ ਇੰਡੀਜ਼ ’ਚ ਭਾਰਤ ਦੀ ਜੇਤੂ ਮੁਹਿੰਮ ਜਾਰੀ