ਰਵਿਦਾਸ ਮੰਦਰ ਮਾਮਲਾ; ਦਲਿਤ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ

ਦਿੱਲੀ ਦੇ ਤੁਗਲੁਕਾਬਾਦ ਵਿੱਚ ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਹੇਠ ਸਮੂਹ ਦਲਿਤ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਨੇ ਅੱਜ ਬਰਨਾਲਾ ਦੇ ਰਵਿਦਾਸ ਚੌਕ ’ਚ 2 ਘੰਟੇ ਟਰੈਫਿਕ ਜਾਮ ਕਰਕੇ ਦਿੱਤੇ ਧਰਨੇ ਉਪਰੰਤ ਸ਼ਹਿਰ ’ਚ ਰੋਸ ਮੁਜ਼ਾਹਰਾ ਕੀਤਾ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹਿੱਤ ਸ਼ਹਿਰ ’ਚ ਰੋਸ ਪ੍ਰਦਰਸ਼ਨ ਦੌਰਾਨ ਦੁਕਾਨਾਂ ਬੰਦ ਰੱਖੀਆਂ। ਬੀ.ਐਸ.ਪੀ. ਆਗੂ ਦਰਸ਼ਨ ਸਿੰਘ ਝਲੂਰ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਰਨਾਲਾ ਪ੍ਰਧਾਨ ਜਗਤਾਰ ਸਿੰਘ ਤੇ ਅਵਤਾਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰੂ ਰਵਿਦਾਸ ਮੰਦਰ ਤੁਗਲੁਕਾਬਾਦ ਦਿੱਲੀ ਨੂੰ ਸਾਡੇ ਸਮਾਜ ਦੇ ਸਪੁਰਦ ਨਹੀਂ ਕਰ ਦਿੱਤਾ ਜਾਂਦਾ। ਰੋਸ ਕਮੇਟੀ ਦੇ ਮੈਂਬਰ ਹਰੀ ਰਾਮ, ਸਵਰਨ ਸਿੰਘ ਸਹਿਜੜਾ, ਮੇਜਰ ਸਿੰਘ, ਜਰਨੈਲ ਸਿੰਘ ਜੱਸੀ, ਮਨਜੀਤ ਸਿੰਘ ਤੋਤੀ, ਬਲਰਾਜ ਰਾਜਾ, ਜਗਤਾਰ ਬੱਗਾ, ਕਰਨੈਲ ਸਿੰਘ ਖੁੱਡੀ, ਨਿਰਭੈ ਸਿੰਘ, ਪਰਗਟ ਸਿੰਘ, ਡਾਕਟਰ ਰਮੇਸ਼ ਕੁਮਾਰ, ਗੁਲਸ਼ਨ ਸਾਰਸਰ ਤੇ ਹੋਰ ਜਥੇਬੰਦੀਆਂ ਵੱਲੋਂ ਬੁੱਧੀਜੀਵੀਆਂ ਨੇ ਇਸ ਧੱਕੇਸ਼ਾਹੀ ਵਿਰੁੱਧ ਡਟਣ ਦੀ ਅਪੀਲ ਕੀਤੀ ਤੇ 13 ਅਗਸਤ ਦੇ ਬੰਦ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਦਲਿਤ ਚੇਤਨਾ ਮੰਚ, ਦਲਿਤ ਮੁਲਾਜ਼ਮ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ, ਸਾਰੀਆਂ ਗੁਰੂ ਰਵਿਦਾਸ ਤੇ ਗੁਰੂ ਬਾਲਮੀਕ ਨਾਲ ਸਬੰਧਿਤ ਸਬੰਧਿਤ ਸੰਸਥਾਵਾਂ, ਟਰੱਸਟ,ਸਭਾ, ਕਲੱਬ, ਕਮੇਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਗੁਰੂ ਰਵਿਦਾਸ ਚੌਕ ਬਰਨਾਲਾ ਵਿੱਚ ਦੋ ਘੰਟੇ ਤੱਕ ਆਵਾਜਾਈ ਠੱਪ ਕੀਤੀ ਤੇ ਬਰਨਾਲਾ ਸ਼ਹਿਰ ’ਚ ਰੋਸ ਮਾਰਚ ਕੱਢਿਆ। ਇਸੇ ਦੌਰਾਨ ‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਦਿੱਲੀ ’ਚ ਗੁਰੂ ਰਵਿਦਾਸ ਮੰਦਰ ਢਾਹੁਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਬਰਨਾਲਾ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕੁੱਕੂ, ਸਕੱਤਰ ਸਾਥੀ ਮਲਕੀਤ ਸਿੰਘ ਵਜ਼ੀਦਕੇ, ਕੈਸ਼ੀਅਰ ਗੁਰਦੇਵ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਜਿੱਥੇ ਇਸ ਦੁਖਦਾਈ ਘਟਨਾ ਨਾਲ ਰਵੀਦਾਸ ਭਾਈਚਾਰੇ ਦੇ ਮਨਾਂ ਨੂੰ ਭਾਰੀ ਦੁੱਖ ਪੁੱਜਾ ਹੈ, ਉਥੇ ਸਮੂਹ ਸੰਵੇਦਨਸ਼ੀਲ, ਧਰਮ ਨਿਰਪੱਖ ਤੇ ਜਮਹੂਰੀ ਸੋਚ ਦੇ ਧਾਰਨੀ ਲੋਕਾਂ ਦੇ ਮਨ ਵੀ ਬੇਚੈਨ ਹੋਏ ਹਨ।

Previous articleਧਾਰਾ 370: ਸੁਪਰੀਮ ਕੋਰਟ ਵੱਲੋਂ ਸੁਣਵਾਈ ਅੱਜ
Next articleਕਰਤਾਰਪੁਰ ਲਾਂਘੇ ਦਾ ਕੰਮ 15 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ: ਸਿੰਗਲਾ