(ਸਮਾਜ ਵੀਕਲੀ)
ਜੇ ਤੈਨੂੰ ਸਮਝਣਾ ਇੰਨਾਂ ਹੀ ਆਸਾਨ ਹੁੰਦਾ।
ਰੱਬ ਕਦੋਂ ਦਾ ਬਣਿਆਂ ਇਹ ਇਨਸਾਨ ਹੁੰਦਾ।
ਤੂੰ ਦਿੰਦਾ ਪ੍ਰਕਾਸ਼ ਏਂ ਘੁੱਪ ਹਨੇਰਿਆਂ ਨੂੰ।
ਜਾਣ ਨਾ ਕੋਈ ਸਕਦਾ ਰੰਗਾਂ ਤੇਰਿਆਂ ਨੂੰ।
ਦਿਨ ਚੜ੍ਹਦੇ ਤੇ ਫੇਰ ਆਥਣੇ ਢਲਦੇ ਨੇ,
ਹਰ ਕੋਈ ਮਾਣੇ ਧੁੱਪਾਂ ਕਦੇ ਸਵੇਰਿਆਂ ਨੂੰ।
ਕਾਸ਼ ਬੰਦਾ ਨਾ ਜੂਨਾਂ ਦਾ ਪ੍ਰਧਾਨ ਹੁੰਦਾ।
ਜੇ………………………………………
ਕੁਦਰਤ ਤੇਰੀ ਰੱਬਾ ਸਮਝ ਨਾ ਆਈ ਐ।
ਵਿੱਚ ਕਲਬੂਤ ਦੇ ਰੂਹ ਆਪੇ ਤੂੰ ਪਾਈ ਐ।
ਰੌਲੇ ਏਥੇ ਧਰਮਾਂ ਜਾਤਾਂ ਪਾਤਾਂ ਦੇ,
ਇੱਕ ਦੂਜੇ ਸੰਗ ਲੜਦਾ ਭਾਈ ਭਾਈ ਐ।
ਕੋਈਓ ਕਦਰਾਂ ਵਾਲ਼ਾ ਕਦਰਦਾਨ ਹੁੰਦਾ।
ਜੇ………………………………………
ਹਰ ਪਾਸੇ ਤੇਰੇ ਵੱਖਰੇ ਰੂਪ ਇਲਾਹੀ ਨੇ।
ਕੀਤੇ ਗਰੀਬ ਤੇ ਕੀਤੇ ਤਾਜ ਫੇਰ ਸ਼ਾਹੀ ਨੇ।
ਮਾਨਵਤਾ ਦਾ ਰੱਤ ਵਹਾਉਂਦਾ ਇਹ ਬੰਦਾ,
ਕੀ ਮਨੁੱਖਾ ਦੇਣਾ ਏਸ ਤਬਾਹੀ ਨੇ।
ਚੰਚਲ ਮਨ ਹੀ ਕਹਿੰਦੇ ਬੜਾ ਸ਼ੈਤਾਨ ਹੁੰਦਾ।
ਜੇ…………………………………….……
ਹੋ ਸਕੇ ਤਾਂ ਖੁਦ ਨੂੰ ਅੰਦਰੋਂ ਜਾਣ ਵੀਰਾ।
ਐਵੇਂ ਨਾ ਤੂੰ ਹਿੱਕ ਅਪਣੀ ਤਾਣ ਵੀਰਾ।
ਏਹ ਮੇਲਾ ਤਾਂ ਏਦਾਂ ਭਰਦਾ ਰਹਿਣਾ ਏਂ,
ਵਿੱਚੋਂ ਕੱਢ ਲੈ ਧੰਨਿਆਂ ਵੇ ਤੂੰ ਕਾਣ ਵੀਰਾ।
ਉਹ ਰੱਬ ਨਾ ਸਬਦਾਂ ਵਿੱਚ ਬਿਆਨ ਹੁੰਦਾ।
ਜੇ……………………………….………
ਧੰਨਾ ਧਾਲੀਵਾਲ
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly