ਜੰਮੂ ਕਸ਼ਮੀਰ ਵਿੱਚ ਫਿਜ਼ਾ ਸਹਿਮੀ
ਤਿੰਨ ਹੋਰ ਧਾਰਮਿਕ ਯਾਤਰਾਵਾਂ ਰੱਦ;
ਰਾਜਪਾਲ ਨੇ ਸੰਵਿਧਾਨਕ ਵਿਵਸਥਾ ’ਚ ਤਬਦੀਲੀ ਤੋਂ ਕੀਤਾ ਇਨਕਾਰ
-
ਸੁਰੱਖਿਆ ਬਲਾਂ ਦੀ ਨਫ਼ਰੀ ਇਹਤਿਆਤ ਵਜੋਂ ਵਧਾਉਣ ਦਾ ਕੀਤਾ ਦਾਅਵਾ
-
ਨੈਸ਼ਨਲ ਕਾਨਫਰੰਸ ਨੇ ਕੇਂਦਰ ਨੂੰ ਵਾਦੀ ਦੀ ਯੋਜਨਾ ਬਾਰੇ ਸੰਸਦ ’ਚ ਬਿਆਨ ਦੇਣ ਲਈ ਕਿਹਾ
ਅਮਰਨਾਥ ਯਾਤਰਾ ’ਤੇ ਗਏ ਸ਼ਰਧਾਲੂਆਂ ਅਤੇ ਘੁੰਮਣ ਆਏ ਸੈਲਾਨੀਆਂ ਨੂੰ ਵਾਦੀ ਛੱਡ ਕੇ ਚਲੇ ਜਾਣ ਦੇ ਨਿਰਦੇਸ਼ਾਂ ਮਗਰੋਂ ਜੰਮੂ ਕਸ਼ਮੀਰ ’ਚ ਸਹਿਮ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ। ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਵਾਦੀ ’ਚੋਂ ਵਾਪਸੀ ਸ਼ੁਰੂ ਹੋ ਗਈ ਹੈ। ਕਰੀਬ 20-22 ਹਜ਼ਾਰ ਸੈਲਾਨੀਆਂ ’ਚੋਂ ਜ਼ਿਆਦਾਤਰ ਸ੍ਰੀਨਗਰ ਪਹੁੰਚ ਗਏ ਹਨ ਜਾਂ ਵਾਦੀ ਛੱਡ ਕੇ ਚਲੇ ਗਏ ਹਨ। ਕਰੀਬ 300 ਸੈਲਾਨੀਆਂ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜਾਂ ਰਾਹੀਂ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ ਹੈ ਜਦਕਿ ਬਾਕੀ ਉਡਾਣਾਂ ’ਚ ਵੀ ਮੁਸਾਫ਼ਰ ਘਰਾਂ ਨੂੰ ਪਰਤ ਰਹੇ ਹਨ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਕਿਸ਼ਤਵਾੜ ਜ਼ਿਲ੍ਹੇ ’ਚ 43 ਦਿਨ ਚੱਲਣ ਵਾਲੀ ਮਛੈਲ ਮਾਤਾ ਯਾਤਰਾ, ਬੁੱਢਾ ਅਮਰਨਾਥ ਅਤੇ ਕੌਸਰ ਨਾਗ ਯਾਤਰਾ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਸੁਰੱਖਿਆ ਬਲਾਂ ਦੀ ਨਫ਼ਰੀ ਇਹਤਿਆਤ ਵਜੋਂ ਵਧਾਈ ਜਾ ਰਹੀ ਹੈ ਅਤੇ ਸੰਵਿਧਾਨਕ ਵਿਵਸਥਾਵਾਂ ’ਚ ਤਬਦੀਲੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਧਰ ਨੈਸ਼ਨਲ ਕਾਨਫਰੰਸ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਵਾਦੀ ’ਚ ਚਲ ਰਹੀ ਹਲਚਲ ਬਾਰੇ ਸੰਸਦ ’ਚ ਬਿਆਨ ਦੇ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਰਾਜਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਮਲਿਕ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਹੇਠਲੇ ਵਫ਼ਦ ਨੂੰ ਕਿਹਾ ਕਿ ਵਾਦੀ ਦੇ ਸੁਰੱਖਿਆ ਹਾਲਾਤ ਅਜਿਹੇ ਬਣ ਗਏ ਕਿ ਤੁਰੰਤ ਕਾਰਵਾਈ ਦੀ ਲੋੜ ਸੀ। ਵਫ਼ਦ ਨੂੰ ਉਨ੍ਹਾਂ ਕਿਹਾ,‘‘ਅਮਰਨਾਥ ਯਾਤਰਾ ’ਤੇ ਦਹਿਸ਼ਤੀ ਹਮਲੇ ਬਾਬਤ ਸੁਰੱਖਿਆ ਏਜੰਸੀਆਂ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ। ਕੰਟਰੋਲ ਰੇਖਾ ’ਤੇ ਪਾਕਿਸਤਾਨ ਵੱਲੋਂ ਤੇਜ਼ ਗੋਲੀਬਾਰੀ ਕੀਤੀ ਜਾ ਰਹੀ ਹੈ ਜਿਸ ਦਾ ਫ਼ੌਜ ਵੱਲੋਂ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਫ਼ੌਜ ਅਤੇ ਸੂਬਾ ਪੁਲੀਸ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਕਿਵੇਂ ਉਨ੍ਹਾਂ ਦਹਿਸ਼ਤੀ ਗੁੱਟਾਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕੀਤਾ ਅਤੇ ਹਥਿਆਰ ਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਹੈ। ਰਾਜਪਾਲ ਨੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਹਤਿਆਤ ਵਜੋਂ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪਰਤਣ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ’ਤੇ ਕੋਈ ਦਹਿਸ਼ਤੀ ਹਮਲਾ ਨਾ ਹੋਵੇ। ਉਨ੍ਹਾਂ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਆਖਣ ਅਤੇ ਅਫ਼ਵਾਹਾਂ ਵੱਲ ਕੋਈ ਧਿਆਨ ਨਾ ਦੇਣ।