ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੇਰੀ ਕੌਮ ਅਤੇ 2018 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਸਿਮਰਨਜੀਤ ਕੌਰ ਨੇ ਅੱਜ ਇੰਡੋਨੇਸ਼ੀਆ ਦੇ ਲਾਬੂਆਨ ਬਾਜੋ ਵਿੱਚ ਸੋਨ ਤਗ਼ਮੇ ਜਿੱਤੇ। ਇਸ ਤਰ੍ਹਾਂ ਭਾਰਤੀ ਮੁੱਕੇਬਾਜ਼ਾਂ ਨੇ 23ਵੇਂ ਪ੍ਰੈਜ਼ੀਡੈਂਟ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਨੌਂ ਤਗ਼ਮਿਆਂ ਨਾਲ ਖ਼ਤਮ ਕੀਤੀ। ਭਾਰਤੀ ਮੁੱਕੇਬਾਜ਼ਾਂ ਨੇ ਸੱਤ ਸੋਨੇ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਫਾਈਨਲ ਵਿੱਚ ਪਹੁੰਚੀਆਂ ਭਾਰਤ ਦੀਆਂ ਚਾਰ ਮਹਿਲਾ ਮੁੱਕੇਬਾਜ਼ਾਂ ਨੇ ਸਾਰੇ ਸੋਨ ਤਗ਼ਮੇ ਹਾਸਲ ਕੀਤੇ, ਜਦਕਿ ਪੁਰਸ਼ ਮੁੱਕੇਬਾਜ਼ਾਂ ਦੇ ਹੱਥ ਤਿੰਨ ਸੋਨ ਤਗ਼ਮੇ ਲੱਗੇ, ਪਰ ਦੋ ਖਿਡਾਰੀਆਂ ਨੂੰ ਹਾਰ ਨਾਲ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਮੇਰੀ ਕੌਮ ਨੇ 51 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਆਸਟਰੇਲੀਆ ਦੀ ਐਪਰਿਲ ਫਰੈਂਕਸ ਨੂੰ 5-0 ਨਾਲ ਸ਼ਿਕਸਤ ਦਿੱਤੀ। ਮੇਰੀ ਕੌਮ ਨੇ ਟਵੀਟ ਕੀਤਾ, ‘‘ਇੰਡੋਨੇਸ਼ੀਆ ਵਿੱਚ ਪਰੈਂਜ਼ੀਡੈਂਟ ਕੱਪ ਵਿੱਚ ਮੈਨੂੰ ਅਤੇ ਮੇਰੇ ਦੇਸ਼ ਨੂੰ ਸੋਨ ਤਗ਼ਮਾ ਮਿਲਿਆ। ਜਿੱਤਣ ਦਾ ਮਤਲਬ ਹੈ ਕਿ ਤੁਹਾਡੀ ਕਾਫ਼ੀ ਅੱਗੇ ਜਾਣ, ਸਖ਼ਤ ਮਿਹਨਤ ਕਰਨ ਅਤੇ ਕਿਸੇ ਹੋਰ ਨਾਲੋਂ ਵੀ ਵੱਧ ਮਿਹਨਤ ਕਰਨੀ ਦੀ ਇੱਛਾ ਹੈ।’’ ਭਾਰਤੀ ਸਟਾਰ ਮੁੱਕੇਬਾਜ਼ ਨੇ ਆਪਣਾ ਸਮਰਥਨ ਕਰਨ ਲਈ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ, ਭਾਰਤੀ ਖੇਡ ਸੰਸਥਾ (ਸਾਈ), ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਦੇ ਕੋਚਿੰਗ ਸਟਾਫ ਦਾ ਧੰਨਵਾਦ ਕੀਤਾ। ਸਿਮਰਨਜੀਤ ਨੇ ਵੀ ਫਾਈਨਲ ਵਿੱਚ ਏਸ਼ਿਆਈ ਖੇਡਾਂ ਦੀ ਕਾਂਸੀ ਦਾ ਤਗ਼ਮਾ ਜੇਤੂ ਇੰਡੋਨੇਸ਼ੀਆ ਦੀ ਹਸਾਨਾਹ ਹੁਸਵਾਤੁਨ ਨੂੰ 5-0 ਨਾਲ ਹਰਾਇਆ। ਆਸਾਮ ਦੀ ਜਮੁਨਾ ਬੋਰੋ ਨੇ 54 ਕਿਲੋ ਵਰਗ ਦੇ ਫਾਈਨਲ ਵਿੱਚ ਇਟਲੀ ਦੀ ਗਿਉਲੀਆ ਲਮਾਗਨਾ ਨੂੰ 5-0 ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ, ਜਦਕਿ 48 ਕਿਲੋ ਫਾਈਨਲ ਵਿੱਚ ਮੋਨਿਕਾ ਨੇ ਇੰਡੋਨੇਸ਼ੀਆ ਦੀ ਐੱਨਡਾਂਗ ਨੂੰ ਇਸੇ ਫ਼ਰਕ ਨਾਲ ਹਰਾ ਕੇ ਭਾਰਤ ਦੀ ਝੋਲੀ ਸੋਨ ਤਗ਼ਮਾ ਪਾਇਆ। ਪੁਰਸ਼ ਵਰਗ ਵਿੱਚ ਅੰਕੁਸ਼ ਦਹੀਆ (64 ਕਿਲੋ) ਨੇ ਸੋਨ ਤਗ਼ਮਾ ਜਿੱਤਿਆ। ਅਨੰਤ ਨੇ ਅਫ਼ਗਾਨਿਸਤਾਨ ਦੇ ਰਹਿਮਾਨੀ ਰਮੀਸ਼ ਨੂੰ 5-0 ਨਾਲ ਹਰਾ ਕੇ ਕੌਮਾਂਤਰੀ ਪੱਧਰ ’ਤੇ ਆਪਣਾ ਪਹਿਲਾ ਵੱਡਾ ਤਗ਼ਮਾ ਹਾਸਲ ਕੀਤਾ। ਦਹੀਆ ਨੇ ਵੀ ਮਕਾਊ ਦੇ ਲਿਯੁੰਗ ਕਿਨ ਫੋਂਗ ਨੂੰ 5-0 ਨਾਲ ਆਸਾਨ ਜਿੱਤ ਦਰਜ ਕੀਤੀ। ਨੀਰਜ ਨੇ ਫਾਈਨਲ ਵਿੱਚ ਫਿਲਪੀਨਜ਼ ਦੇ ਮਕਾਡੋ ਜੂਨੀਅਰ ਰਾਮੇਲ ਨੂੰ 4-1 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਦਾ ਤਗ਼ਮਾ ਜੇਤੂ ਗੌਰਵ ਬਿਧੁੜੀ ਅਤੇ ਇੰਡੀਆ ਓਪਨ 2018 ਦੇ ਚਾਂਦੀ ਦਾ ਤਗ਼ਮਾ ਜੇਤੂ ਦਿਨੇਸ਼ ਡਾਗਰ ਨੂੰ ਫਾਈਨਲ ਵਿੱਚ ਹਾਰ ਨਾਲ ਚਾਂਦੀ ਦਾ ਤਗ਼ਮਾ ਮਿਲਿਆ। ਗੌਰਵ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ 56 ਕਿਲੋ ਵਰਗ ਵਿੱਚ ਇੰਡੋਨੇਸ਼ੀਆ ਦੇ ਮੰਦਾਗੀ ਜ਼ਿੱਲ ਖ਼ਿਲਾਫ਼ 2-3 ਨਾਲ ਹਾਰ ਮਿਲੀ, ਜਦਕਿ ਦਿਨੇਸ਼ ਨੂੰ ਵੀ ਮੇਜ਼ਬਾਨ ਦੇਸ਼ ਦੇ ਸਮਾਦਾ ਸਪੁਤਰਾ ਨੇ ਹੀ 5-0 ਨਾਲ ਹਰਾਇਆ। 36 ਸਾਲ ਦੀ ਮੇਰੀ ਕੌਮ ਨੇ ਮਈ ਵਿੱਚ ਇੰਡੀਆ ਓਪਨ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਓਲੰਪਿਕ ਕੁਆਲੀਫੀਕੇਸ਼ਨ ਦੀ ਤਿਆਰੀ ਦੀ ਯੋਜਨਾ ਤਹਿਤ ਉਸ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਿਆ ਸੀ। ਏਸ਼ਿਆਈ ਚੈਂਪੀਅਨਸ਼ਿਪ ਮਈ ਮਹੀਨੇ ਥਾਈਲੈਂਡ ਵਿੱਚ ਹੋਈ ਸੀ। ਮੇਰੀ ਕੌਮ ਨੇ ਖ਼ੁਦ ਨੂੰ ਸਾਬਤ ਕਰਨ ਦੇ ਮਕਸਦ ਨਾਲ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ ਤਾਂ ਕਿ ਉਹ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਕੁੱਝ ਬਾਊਟ ਖੇਡ ਸਕੇ। ਮੇਰੀ ਕੌਮ ਨੇ ਬੀਤੇ ਸਾਲ ਦਿੱਲੀ ਵਿੱਚ ਛੇਵਾਂ ਵਿਸ਼ਵ ਖ਼ਿਤਾਬ ਜਿੱਤਿਆ ਸੀ। ਉਸ ਦੀਆਂ ਨਜ਼ਰਾਂ 2020 ਟੋਕੀਓ ਓਲੰਪਿਕ ਕੁਆਲੀਫਾਈ ਕਰਨ ’ਤੇ ਹਨ। ਇਸ ਤੋਂ ਪਹਿਲਾਂ ਉਹ ਰੂਸ ਦੇ ਯੈਕਤਰਿੰਗਬਰਗ ਵਿੱਚ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ, ਜੋ 7 ਤੋਂ 21 ਸਤੰਬਰ ਤੱਕ ਚੱਲਣੀ ਹੈ।
Sports ਪ੍ਰੈਜ਼ੀਡੈਂਟ ਕੱਪ: ਭਾਰਤ ਨੂੰ ਸੱਤ ਸੋਨ ਤਗ਼ਮੇ