ਸਨਅਤੀ ਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਝਾਬੇਵਾਲ ਦੀ ਡੀਸੀ ਸਟੀਲ ਇੰਡਸਟਰੀ ਵਿੱਚ ਵੀਰਵਾਰ ਦੀ ਦੇਰ ਰਾਤ ਨੂੰ ਇੱਕ ਵਜੇ ਦੇ ਕਰੀਬ ਲੋਹਾ ਢਲਾਈ ਕਰਦੇ ਸਮੇਂ ਭੱਠੀ ਵਿੱਚ ਧਮਾਕਾ ਹੋ ਗਿਆ। ਇਸ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ 11 ਫੱਟੜ ਹੋ ਗਏ। ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਆਸਪਾਸ ਰਹਿਣ ਵਾਲੇ ਲੋਕ ਘਰਾਂ ਤੋਂ ਬਾਹਰ ਆ ਗਏ। ਧਮਾਕੇ ਮੌਕੇ ਫੈਕਟਰੀ ਵਿੱਚ ਭਗਦੜ ਮਚ ਗਈ। ਇੱਕ ਮਜ਼ਦੂਰ ਨੂੰ ਪੀਜੀਆਈ ਚੰਡੀਗੜ੍ਹ ਤੇ ਇੱਕ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਦੋਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਾਕੀ ਦੇ ਜ਼ਖਮੀ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ। ਥਾਣਾ ਜਮਾਲਪੁਰ ਤੇ ਚੌਕੀ ਮੁੰਡੀਆਂ ਕਲਾਂ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮਾਰੇ ਗਏ ਸ਼ੰਭੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੁਰਬਖਸ਼ ਸਿੰਘ ਤੇ ਬਲਜਿੰਦਰ ਸਿੰਘ ਦੋਵਾਂ ਦੀ ਝਾਬੇਬਾਲ ਪਿੰਡ ਵਿੱਚ ਡੀਸੀ ਸਟੀਲ ਇੰਡਸਟਰੀ ਹੈ। ਜਿੱਥੇ ਲੋਹਾ ਢਲਾਈ ਕੀਤਾ ਜਾਂਦਾ ਹੈ ਤੇ ਸਲੈਬ ਬਣਾਈ ਜਾਂਦੀ ਹੈ। ਰਾਤ ਨੂੰ ਕਰੀਬ 20 ਮਜ਼ਦੂਰ ਕੰਮ ਕਰ ਰਹੇ ਸਨ। ਭੱਠੀ ਦੇ ਅੱਗੇ ਕਰੀਬ 10 ਦੇ ਕਰੀਬ ਲੋਕ ਖੜ੍ਹੇ ਸਨ। ਬਾਕੀ ਦੇ ਲੋਕ ਭਂੱਠੀ ਦੇ ਕੋਲ ਸਕਰੈਪ ਲਿਆ ਕੇ ਉਸ ਵਿੱਚ ਪਾ ਰਹੇ ਸਨ। ਇਸੇ ਦੌਰਾਨ ਭੱਠੀ ਦੇ ਅੰਦਰ ਪਏ ਆਕਸੀਜਨ ਸਿਲੰਡਰ ਵਰਗੀ ਪਾਈਪ ਜੋ ਦੋਹਾਂ ਪਾਸਿਆਂ ਤੋਂ ਬੰਦ ਸੀ, ਉਹ ਚਲੀ ਗਈ। ਪਾਈਪ ਪਾਉਂਦੇ ਹੀ ਕੁਝ ਸਮੇਂ ਬਾਅਦ ਧਮਾਕਾ ਹੋਇਆ। ਪਾਈਪ ਕਾਫ਼ੀ ਉੱਚੀ ਹਵਾ ’ਚ ਉਡਦੀ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਾਈਪ, ਗਰਮ ਲਾਵਾ ਤੇ ਲੋਹੇ ਦੇ ਟੁੱਕੜੇ ਕਰੀਬ 20 ਫੁੱਟ ਉਚਾਈ ’ਤੇ ਲੱਗੇ ਸ਼ੈਡ ’ਤੇ ਜਾ ਡਿੱਗੇ। ਧਮਾਕੇ ਕਾਰਨ ਪਾਈਪ ਤਾਂ ਸ਼ੈੱਡ ਤੋੜ ਕੇ ਬਾਹਰ ਨਿਕਲ ਗਈ ਤੇ ਭੱਠੀ ਤੋਂ ਕਾਫ਼ੀ ਦੂਰ ਜਾ ਡਿੱਗੀ। ਲੋਕ ਜਦੋਂ ਫੈਕਟਰੀ ਕੋਲ ਪਹੁੰਚੇ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ। ਹਾਦਸੇ ਵਿੱਚ ਸ਼ੰਭੂ ਦੀ ਮੌਤ ਹੋ ਗਈ, ਜਦੋਂ ਕਿ ਮਿੰਟੂ ਸਿੰਘ, ਵਿਸ਼ਵਨਾਥ ਸਿੰਘ, ਰਾਮ ਪਾਸਵਾਨ, ਹਰਿੰਦਰ ਸਿੰਘ, ਪ੍ਰਭੂ, ਦਲੀਪ, ਰਾਜੇਸ਼ ਕੁਮਾਰ, ਸੰਜੈ ਕੁਮਾਰ, ਰਾਮ ਕ੍ਰਿਪਾਲ, ਜੀਤੂ ਤੇ ਚੰਦਨ ਜ਼ਖ਼ਮੀ ਹੋ ਗਏ। ਰਾਮ ਪਾਸਵਾਨ ਨੂੰ ਪੀਜੀਆਈ ਚੰਡੀਗੜ੍ਹ ਤੇ ਮਿੰਟੂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਹੈ। ਐੱਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ੰਭੂ ਦੇ ਪਰਿਵਾਰ ਵਾਲੇ ਉਤਰ ਪ੍ਰਦੇਸ਼ ਦੇ ਖੁਸ਼ੀ ਨਗਰ ’ਚ ਰਹਿੰਦੇ ਹਨ। ਸ਼ੰਭੂ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
INDIA ਲੋਹਾ ਫੈਕਟਰੀ ਵਿੱਚ ਧਮਾਕਾ, ਇੱਕ ਮੌਤ, 11 ਜ਼ਖ਼ਮੀ