ਦੂਸ਼ਿਤ ਪਾਣੀ ਖ਼ਿਲਾਫ਼ ਭੜਕੇ ਸੁਨੇਤ ਵਾਸੀ

ਨਗਰ ਨਿਗਮ ਦੇ ਵਾਰਡ ਨੰਬਰ 72 ਦੇ ਇਲਾਕੇ ਸੁਨੇਤ ਵਿੱਚ ਪਿਛਲੇ ਇੱਕ ਮਹੀਨੇ ਤੋਂ ਪੀਣ ਵਾਲਾ ਪਾਣੀ ਗੰਦਾ ਆਉਣ ਤੋਂ ਪ੍ਰੇਸ਼ਾਨ ਇਲਾਕਾ ਵਾਸੀਆਂ ਨੇ ਅੱਜ ਨਗਰ ਨਿਗਮ ਤੇ ਇਲਾਕਾ ਕੌਂਸਲਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਇੱਕ ਮਹੀਨੇ ਤੋਂ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਕਈ ਲੋਕ ਬੀਮਾਰ ਵੀ ਹੋ ਗਏ ਹਨ ਪਰ ਇਸ ਦੇ ਬਾਵਜੂਦ ਨਗਰ ਨਿਗਮ ਤੇ ਕੌਂਸਲਰ ਕੁਝ ਨਹੀਂ ਕਰ ਰਹੇ।
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਸੀਵਰੇਜ ਵੀ ਜਾਮ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਕਿਸੇ ਟੁੱਟੀ ਹੋਈ ਪੀਣ ਵਾਲੇ ਪਾਣੀ ਦੀ ਪਾਈਪ ਵਿੱਚ ਮਿਕਸ ਹੋ ਰਿਹਾ ਹੈ। ਸੀਵਰੇਜ ਤੇ ਪਾਣੀ ਦੋਵੇਂ ਪਾਈਪਾਂ ਕਾਫ਼ੀ ਪੁਰਾਣੀਆਂ ਹਨ, ਇਸ ਕਾਰਨ ਪੀਣ ਵਾਲੇ ਪਾਣੀ ਗੰਦਾ ਆਉਣ ਦੀ ਸਮੱਸਿਆ ਪਹਿਲਾਂ ਵੀ ਕਈ ਵਾਰ ਇਲਾਕੇ ਵਿੱਚ ਆ ਚੁੱਕੀ ਹੈ। ਇਲਾਕਾ ਵਾਸੀ ਰਣਜੀਤ ਸਿੰਘ, ਦਲਜੀਤ ਸਿੰਘ ਤੇ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਦੀ ਇਸ ਸਮੱਸਿਆ ਨੂੰ ਲੈ ਕੇ ਉਹ ਨਗਰ ਨਿਗਮ ਤੇ ਕੌਂਸਲਰਾਂ ਦੋਵਾਂ ਨਾਲ ਸੰਪਰਕ ਕਰ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋਇਆ, ਜਿਸ ਤੋਂ ਬਾਅਦ ਅੱਜ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ।

Previous articleਕੁਵੈਤ ’ਚ ਵੇਚੀ ਗਈ ਵੀਨਾ 26 ਨੂੰ ਵਤਨ ਪਰਤੇਗੀ
Next articleਰੂਸ ਨੇ ਨੇਤਾ ਜੀ ਬਾਰੇ ਦਸਤਾਵੇਜ਼ਾਂ ਦੀ ਭਾਲ ਤੋਂ ਅਸਮਰੱਥਾ ਜ਼ਾਹਰ ਕੀਤੀ