ਗ਼ਲਤ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਵਿਦੇਸ਼ ਪਹੁੰਚਣ ਮਗਰੋਂ ਉੱਥੇ ਵੇਚ ਦਿੱਤੀ ਗਈ ਧਾਰੀਵਾਲ ਵਾਸੀ ਵੀਨਾ ਬੇਦੀ 26 ਜੁਲਾਈ ਨੂੰ ਭਾਰਤ ਵਾਪਸ ਪਹੁੰਚੇਗੀ। ਉਸ ਦੀ ਵਾਪਸੀ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਅਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਯਤਨਾਂ ਨਾਲ ਸੰਭਵ ਹੋ ਪਾਈ ਹੈ। ਦੱਸਣਯੋਗ ਹੈ ਏਜੰਟ ਰਾਹੀਂ ਕੁਵੈਤ ਭੇਜੀ ਗਈ ਇਹ ਔਰਤ ਇੱਕ ਪਾਕਿਸਤਾਨੀ ਆਦਮੀ ਨੂੰ 12 ਸੌ ਦੀਨਾਰ ਵਿੱਚ ਵੇਚ ਦਿੱਤੀ ਗਈ ਸੀ। ਹੁਣ ਔਰਤ ਨੂੰ ਵਾਪਸ ਲਿਆਉਣ ਲਈ ਭਾਰਤੀ ਅੰਬੈਸੀ ਨੇ 12 ਸੌ ਦੀਨਾਰ (ਦੋ ਲੱਖ ਸੱਤਰ ਹਜ਼ਾਰ ਰੁਪਏ) ਉਸ ਆਦਮੀ ਨੂੰ ਦੇ ਕੇ ਵੀਨਾ ਨੂੰ ਉਸ ਦੇ ਚੁੰਗਲ ਤੋਂ ਛੁਡਾਇਆ ਹੈ। ਇਸ ਔਰਤ ਦੇ ਬੱਚਿਆਂ ਰੋਹਿਤ, ਮੋਹਿਤ ਅਤੇ ਸਮ੍ਰਿਧੀ ਨੇ ਕਰੀਬ ਦੋ ਮਹੀਨੇ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਪਿਤਾ ਸੁਰਿੰਦਰ ਬੇਦੀ ਬਿਜਲੀ ਮਹਿਕਮੇ ਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਕਰਜ਼ ਲੈ ਕੇ ਘਰ ਬਣਾਇਆ ਸੀ ਪਰਿਵਾਰ ਦਾ ਖ਼ਰਚ ਚਲਾਉਣ ਲਈ ਉਨ੍ਹਾਂ ਦੀ ਮਾਂ ਵੀਨਾ ਨੇ ਵਿਦੇਸ਼ ਵਿੱਚ ਹਾਊਸ ਕੀਪਿੰਗ ਦਾ ਕੰਮ ਕਰਨ ਦਾ ਮਨ ਬਣਾਇਆ। ਇਸ ਨੂੰ ਲੈ ਕੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਟਰੈਵਲ ਏਜੰਟ ਮੁਖ਼ਤਿਆਰ ਸਿੰਘ ਦੇ ਰਾਹੀਂ ਜੁਲਾਈ 2018 ਵਿੱਚ ਕੁਵੈਤ ਚਲੀ ਗਈ। ਪਰ ਪਹਿਲੇ ਮਹੀਨੇ ਦੀ ਤਨਖ਼ਾਹ ਭੇਜਣ ਦੇ ਬਾਅਦ ਨਾ ਤਾਂ ਪੈਸੇ ਆਏ ਅਤੇ ਨਾ ਹੀ ਅਤੇ ਨਾ ਹੀ ਉਸ ਦਾ ਕੋਈ ਫ਼ੋਨ ਆਇਆ। ਇੱਕ ਵਾਰ ਮਾਂ ਨੇ ਫ਼ੋਨ ’ਤੇ ਦੋ ਕੁ ਮਿੰਟ ਲਈ ਗੱਲ ਕੀਤੀ ਅਤੇ ਆਪਣੇ ਭਾਰਤ ਵਾਪਸ ਆਉਣ ਦਾ ਇੰਤਜ਼ਾਮ ਕਰਨ ਲਈ ਕਿਹਾ ਅਤੇ ਆਪਣੀ ਹਾਲਤ ਬਾਰੇ ਦੱਸਿਆ। ਇਸ ਦੇ ਬਾਅਦ ਉਸ ਦੇ ਪਿਤਾ ਸੁਰਿੰਦਰ ਨੇ ਵੀਨਾ ਨੂੰ ਵਾਪਸ ਲਿਆਉਣ ਲਈ ਟਰੈਵਲ ਏਜੰਟ ਨਾਲ ਗੱਲ ਕੀਤੀ ਪਰ ਏਜੰਟ ਨੇ ਵੀਨਾ ਨੂੰ ਵਾਪਸ ਲਿਆਉਣ ਲਈ ਪੈਸੇ ਤਾਂ ਲੈ ਲਏ ਪਰ ਵੀਨਾ ਨੂੰ ਵਾਪਸ ਨਹੀਂ ਲਿਆਂਦਾ ਗਿਆ। ਰੋਹਿਤ ਨੇ ਦੱਸਿਆ ਤੇ ਇਸ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਦੇ ਪਿਤਾ ਸੁਰਿੰਦਰ ਦੀ 21 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਸ਼ਿਕਾਇਤ ਦੇ ਬਾਅਦ ਧਾਰੀਵਾਲ ਪੁਲੀਸ ਨੇ ਏਜੰਟ ਮੁਖ਼ਤਿਆਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਤਨਗੜ੍ਹ (ਅੰਮ੍ਰਿਤਸਰ) ਦੇ ਖ਼ਿਲਾਫ਼ ਮਾਨਵ ਤਸਕਰੀ ਦੀ ਧਾਰਾ ਲਾਉਂਦੇ ਹੋਏ ਮਾਮਲਾ ਦਰਜ ਕੀਤਾ ਸੀ। ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ,ਗੁਰਦਾਸਪੁਰ ਦੀ ਸਕੱਤਰ ਜੱਜ ਰਾਣਾ ਕੰਵਰਦੀਪ ਕੌਰ ਨੇ ਦੱਸਿਆਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ’ਤੇ ਐਡਵੋਕੇਟ ਕਮਲ ਕਿਸ਼ੋਰ ਅੱਤਰੀ ਅਤੇ ਪੈਰਾ ਲੀਗਲ ਵਲੰਟੀਅਰ ਕਰਨਜੋਤ ਸਿੰਘ ਬੱਲ ਨੇ ਉਕਤ ਪਰਿਵਾਰ ਨਾਲ ਸੰਪਰਕ ਕਰ ਕੇ ਜਾਣਕਾਰੀ ਹਾਸਲ ਕੀਤੀ। ਇਸ ਦੇ ਬਾਅਦ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਨੇ ਐੱਨਜੀਓ ਸ਼ਹੀਦ ਭਗਤ ਸਿੰਘ ਯੂਥ ਕਲੱਬ, ਕੁਵੈਤ ਅਤੇ ਕੁਵੈਤ ਵਿਚ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸੰਸਦ ਮੈਂਬਰ ਸੰਨੀ ਦਿਓਲ ਦੀ ਭੂਮਿਕਾ ਵੀ ਪ੍ਰਸੰਸਾਯੋਗ ਰਹੀ।
INDIA ਕੁਵੈਤ ’ਚ ਵੇਚੀ ਗਈ ਵੀਨਾ 26 ਨੂੰ ਵਤਨ ਪਰਤੇਗੀ