ਘਰਾਂ ’ਚ ਪਾਣੀ ਵੜਿਆ, ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਛੇ ਜ਼ਖ਼ਮੀ; ਪਟਿਆਲਾ ’ਚ ਘੱਗਰ ਨੇ ਲੋਕਾਂ ਦੇ ਸਾਹ ਸੂਤੇ
ਅੱਡੀਆਂ ਚੁੱਕ ਕੇ ਮੀਂਹ ਉਡੀਕਣ ਵਾਲੇ ਬਠਿੰਡਾ ਪੱਟੀ ਦੇ ਲੋਕਾਂ ਨੂੰ ਅੱਜ ਪਏ ਪਹਿਲੇ ਭਰਵੇਂ ਮੀਂਹ ਦਾ ਪਾਣੀ ਝੱਲਣਾ ਔਖਾ ਹੋ ਗਿਆ। ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਮੀਂਹ ਪੈਣਾ ਸ਼ੁਰੂ ਹੋਇਆ ਤੇ ਕਈ ਘੰਟੇ ਲਗਾਤਾਰ ਜਾਰੀ ਰਿਹਾ। ਇਸ ਮੀਂਹ ਨਾਲ ਬਠਿੰਡਾ ਸ਼ਹਿਰ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਐੱਨਡੀਆਰਐੱਫ ਨੂੰ ਚੌਕਸ ਰਹਿਣ ਦਾ ਸੁਨੇਹਾ ਦਿੱਤਾ ਹੈ। ਸਰਕਾਰੀ ਦਫ਼ਤਰਾਂ ਤੋਂ ਇਲਾਵਾ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਾਲੇ ਘਰਾਂ ’ਚ ਵੀ ਪਾਣੀ ਵੜ ਗਿਆ ਹੈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ 14 ਸਾਲ ਪਹਿਲਾਂ ਅੱਜ ਦੇ ਦਿਨ ਹੀ 106 ਮਿਲੀਮੀਟਰ ਮੀਂਹ ਪਿਆ ਸੀ। ਅੱਜ ਸਵੇਰੇ ਸਾਢੇ ਤਿੰਨ ਵਜੇ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ 130 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਤੇ ਉਸ ਮਗਰੋਂ ਦੁਪਹਿਰ ਤੱਕ 31.5 ਮਿਲੀਮੀਟਰ ਮੀਂਹ ਹੋਰ ਪਿਆ। ਇਸ ਮੀਂਹ ਨੇ ਹੁਣ ਕਿਸਾਨਾਂ ਦੇ ਵੀ ਹੱਥ ਖੜ੍ਹੇ ਕਰਵਾ ਦਿੱਤੇ ਹਨ। ਨਰਮੇ ਤੇ ਝੋਨੇ ਵਾਲੇ ਖੇਤਾਂ ’ਚ ਪਾਣੀ ਨਹੀਂ ਰੁਕ ਰਿਹਾ। ਸ਼ਹਿਰ ’ਚ ਅੱਜ ਪਾਵਰ ਹਾਊਸ ਰੋਡ, ਲਾਈਨੋਂ ਪਾਰ ਖੇਤਰ, ਸਿਰਕੀ ਬਾਜ਼ਾਰ, ਅਮਰੀਕ ਸਿੰਘ ਰੋਡ, ਵੀਰ ਕਾਲੋਨੀ, ਨਵੀਂ ਬਸਤੀ, ਮਿਨੀ ਸਕੱਤਰੇਤ ਤੋਂ ਇਲਾਵਾ ਹੋਰ ਵੱਡੀ ਗਿਣਤੀ ਮੁਹੱਲਿਆਂ ’ਚ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਸੈਸ਼ਨ ਹਾਊਸ ’ਚ ਵੀ ਕਈ ਫੁੱਟ ਪਾਣੀ ਖੜ੍ਹ ਗਿਆ ਤੇ ਮੁਲਾਜ਼ਮਾਂ ਨੇ ਭਾਰੀ ਮੁਸ਼ੱਕਤ ਕਰਦਿਆਂ ਕਿਸ਼ਤੀ ਰਾਹੀਂ ਸਾਮਾਨ ਬਾਹਰ ਕੱਢਿਆ। ਬਠਿੰਡਾ ਰੇਂਜ ਦੇ ਆਈ.ਜੀ ਐੱਮ ਐੱਫ ਫਾਰੂਕੀ ਦੀ ਰਿਹਾਇਸ਼ ਵਿੱਚ 5 ਤੋਂ 6 ਫੁੱਟ ਪਾਣੀ ਭਰ ਗਿਆ ਇਸ ਤੋਂ ਇਲਾਵਾ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਘਰਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਡੀਸੀ ਅਤੇ ਐੱਸਐੱਸਪੀ ਦੀ ਰਿਹਾਇਸ਼ ਦੇ ਮੁੱਖ ਗੇਟ ਵੀ 5-5 ਫੁੱਟ ਪਾਣੀ ’ਚ ਡੁੱਬੇ ਹੋਏ ਸਨ। ਇਸ ਮੀਂਹ ਨਾਲ ਸ਼ਹਿਰ ’ਚ ਨਰੂਆਣਾ ਰੋਡ ਤੇ ਘਰ ਦੀ ਛੱਤ ਡਿੱਗਣ ਨਾਲ ਰਵੀ ਪੁੱਤਰ ਹੰਸਰਾਜ, ਅਸ਼ੋਕ ਪੁੱਤਰ ਹੰਸਰਾਜ ਅਤੇ ਉਨ੍ਹਾਂ ਦੀ ਮਾਂ ਕਾਂਤਾ ਦੇਵੀ, ਬੈਂਕ ਕਲੋਨੀ ’ਚ ਛੱਤ ਡਿੱਗਣ ਨਾਲ ਦਲੀਪ ਕੁਮਾਰ ਪੁੱਤਰ ਬਾਬੂ ਰਾਮ ਅਤੇ ਅਮਰਪੁਰਾ ਬਸਤੀ ’ਚ ਵੀ ਛੱਤ ਹੇਠ ਆ ਕੇ 65 ਸਾਲਾ ਪ੍ਰੀਤੋ ਕੌਰ ਪਤਨੀ ਅਜੀਤ ਸਿੰਘ ਤੇ 5 ਮਹੀਨਿਆਂ ਦਾ ਰਵੀ ਨਾਮੀ ਬੱਚਾ ਜ਼ਖਮੀ ਹੋ ਗਏ ਹਨ। ਜ਼ਖ਼ਮੀਆ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਰਕਰਾਂ ਨੇ ਹਸਪਤਾਲ ਦਾਖ਼ਲ ਕਰਵਾਇਆ। ਸਹਾਰਾ ਵਰਕਰ ਜੱਗਾ ਸਿੰਘ, ਸੰਦੀਪ ਗਿੱਲ ਆਦਿ ਵੱਲੋਂ ਸਿਰਕੀ ਬਾਜ਼ਾਰ ’ਚ ਮੀਂਹ ਦੇ ਪਾਣੀ ਕਾਰਨ ਘਰਾਂ ’ਚ ਹੀ ਕੈਦ ਹੋਏ ਲੋਕਾਂ ਨੂੰ ਦੁੱਧ ਅਤੇ ਬਰੈੱਡ ਵੰਡੇ ਗਏ। ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਗੋਨਿਆਣਾ ਮੰਡੀ ’ਚ ਮੀਂਹ ਦਾ ਪਾਣੀ ਵੜਨ ਕਾਰਨ ਕਿਤਾਬਾਂ ਤੋਂ ਇਲਾਵਾ ਕਾਫੀ ਜ਼ਰੂਰੀ ਰਿਕਾਰਡ ਭਿੱਜ ਗਿਆ ਜਦੋਂਕਿ ਦਫਤਰ ’ਚੋਂ ਪਾਣੀ ਬਾਹਰ ਕੱਢਣ ਦਾ ਵੀ ਕੋਈ ਇੰਤਜ਼ਾਮ ਨਹੀਂ ਹੈ। ਦਫ਼ਤਰ ਦੇ ਸਟਾਫ ਨੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਦਫ਼ਤਰ ਲਈ ਹੋਰ ਇਮਾਰਤ ਦਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਉਨ੍ਹਾਂ ਦਾ ਦਫ਼ਤਰ ਗੋਨਿਆਣਾ ਮੰਡੀ ਦੇ ਸਭ ਤੋਂ ਨੀਵੇਂ ਥਾਂ ਮੌਜੂਦ ਹੈ।