ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀ ਮੌਸਮ ਦੀ ਖਰਾਬੀ ਨੂੰ ਲੈ ਕੇ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਪਠਾਨਕੋਟ-ਜੋਗਿੰਦਰਨਗਰ ਰੇਲ ਲਾਈਨ ਉਪਰ ਚਾਰ ਰੇਲ ਗੱਡੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਰੇਲ ਮੰਡਲ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਪਠਾਨਕੋਟ ਤੋਂ ਰੋਜ਼ਾਨਾ ਤੜਕੇ 2 ਵੱਜ ਕੇ 15 ਮਿੰਟ ’ਤੇ ਚੱਲਣ ਵਾਲੀ 52471, ਦੁਪਹਿਰ 3 ਵੱਜ ਕੇ 15 ਮਿੰਟ ’ਤੇ ਚੱਲਣ ਵਾਲੀ 52461 ਨੂੰ ਅਗਲੇ ਆਦੇਸ਼ਾਂ ਤੱਕ ਰੱਦ ਰਹੇਗੀ ਜਦਕਿ ਜੋਗਿੰਦਰਨਗਰ ਤੋਂ ਸ਼ਾਮ 5 ਵੱਜ ਕੇ 25 ਮਿੰਟ ’ਤੇ ਆਉਣ ਵਾਲੀ 52472 ਅਤੇ ਜਵਾਲਾਮੁਖੀ ਰੋਡ ਤੋਂ ਰਾਤ ਨੂੰ 8 ਵਜੇ ਆਉਣ ਵਾਲੀ 52462 ਰੇਲਗੱਡੀ ਵੀ ਰੱਦ ਕਰ ਦਿੱਤੀ ਗਈ ਹੈ। ਪਠਾਨਕੋਟ ਰੇਲਵੇ ਸਟੇਸ਼ਨ ਦੇ ਉਪ ਸਟੇਸ਼ਨ ਮਾਸਟਰ ਮਨਮੋਹਨ ਸੈਣੀ ਨੇ ਦੱਸਿਆ ਕਿ ਨੈਰੋਗੇਜ ਸੈਕਸ਼ਨ ਉਪਰ ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਰੇਲ ਗੱਡੀਆਂ ਦਾ ਆਵਾਗਮਨ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ ਤੋਂ ਬਾਅਦ ਅੱਜ ਚਾਰ ਰੇਲ ਗੱਡੀਆਂ ਕੈਂਸਲ ਕੀਤੀਆਂ ਗਈਆਂ ਹਨ, ਜਦ ਕਿ ਦੋ ਰੇਲ ਗੱਡੀਆਂ ਨੂੰ ਬਦਲਵੇਂ ਰਸਤੇ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਠਾਨਕੋਟ ਤੋਂ ਦੁਪਹਿਰ 3 ਵੱਜ ਕੇ 20 ਮਿੰਟ ਤੇ ਬੈਜਨਾਥ ਜਾਣ ਵਾਲੀ 52469 ਰੇਲ ਗੱਡੀ ਹੁਣ ਬੈਜਨਾਥ ਦੀ ਬਜਾਏ ਜਵਾਲਾਮੁਖੀ ਰੋਡ ਤੱਕ ਹੀ ਚੱਲੇਗੀ। ਇਹ ਰੇਲ ਗੱਡੀ ਅਗਲੇ ਦਿਨ ਜਵਾਲਾਮੁਖੀ ਰੋਡ ਤੋਂ ਸਵੇਰੇ 4 ਵਜੇ 52464 ਬਣ ਕੇ 7 ਵਜੇ ਸਵੇਰੇ ਪਠਾਨਕੋਟ ਪੁੱਜ ਜਾਵੇਗੀ। ਇਸੇ ਦੌਰਾਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਲਿੰਕ ਕਰਦੇ ਚੱਕੀ ਦਰਿਆ ਉਪਰ ਪੈਂਦੇ ਰੇਲਵੇ ਪੁਲ ਦੇ ਹੇਠਾਂ ਬਰਸਾਤੀ ਪਾਣੀ ਦੇ ਤੇਜ ਵਹਾਓ ਨਾਲ ਦਰਿਆ ਵਿਚਲੀ ਭੂਮੀ ਦਾ ਕਾਫੀ ਹਿੱਸਾ ਰੁੜ ਗਿਆ ਹੈ ਜਿਸ ਕਰਕੇ ਦਰਿਆ ਵਿੱਚ ਚੱਲ ਰਹੇ ਰੇਲਵੇ ਪੁਲ ਦੇ ਥੰਮਾਂ ਦੀ ਮਜ਼ਬੂਤੀ ਦਾ ਕਾਰਜ ਪ੍ਰਭਾਵਿਤ ਹੋ ਗਿਆ ਹੈ। ਇਹ ਕੰਮ 6 ਕਰੋੜ ਰੁਪਏ ਦੀ ਕਰੀਬ ਦੀ ਲਾਗਤ ਦਾ ਹੈ ਅਤੇ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਠੇਕੇਦਾਰ ਦੀ ਲੇਬਰ ਵਿਹਲੀ ਹੋ ਗਈ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਦਰਿਆ ਵਿੱਚ ਪਾਣੀ ਅਚਨਚੇਤ ਵਧ ਜਾਂਦਾ ਹੈ ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਕਰ ਕੇ ਫਿਲਹਾਲ ਕੰਮ ਰੋਕ ਦਿੱਤਾ ਗਿਆ ਹੈ।
INDIA ਪਠਾਨਕੋਟ-ਜੋਗਿੰਦਰਨਗਰ ਮਾਰਗ ’ਤੇ ਚਾਰ ਰੇਲ ਗੱਡੀਆਂ ਰੱਦ