ਕਾਂਗਰਸ ਤੇ ਜੇਡੀਐੱਸ ਦੇ 16 ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਕਰਨਾਟਕ ਵਿੱਚ ਸੱਤਾਧਾਰੀ ਗੱਠਜੋੜ ਦੇ ਸਿਆਸੀ ਸੰਕਟ ਵਿਚ ਘਿਰਨ ਮਗਰੋਂ ਸੂਬਾਈ ਕੈਬਨਿਟ ਨੇ ਅੱਜ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਬੇਵਿਸਾਹੀ ਮਤੇ ਦਾ ਸਾਹਮਣਾ ਕਰਨ ਲਈ ਤਿਆਰ ਹੈ ਤੇ ਮੌਜੂਦਾ ਹਾਲਾਤ ਦਾ ‘ਬਹਾਦਰੀ’ ਤੇ ‘ਇਕਜੁੱਟਤਾ’ ਨਾਲ ਟਾਕਰਾ ਕਰੇਗੀ। ਕਰਨਾਟਕ ਅਸੈਂਬਲੀ ਦਾ ਇਜਲਾਸ ਭਲਕ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅੱਜ ਦਸ ਬਾਗ਼ੀ ਵਿਧਾਇਕਾਂ ਨੂੰ ਕਰਨਾਟਕ ਅਸੈਂਬਲੀ ਦੇ ਸਪੀਕਰ ਅੱਗੇ ਸ਼ਾਮ ਛੇ ਵਜੇ ਤਕ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ। ਸਿਖਰਲੀ ਅਦਾਲਤ ਨੇ ਸਪੀਕਰ ਰਮੇਸ਼ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਵਿਧਾਇਕਾਂ ਦੇ ਅਸਤੀਫ਼ੇ ਸਬੰਧੀ ਇਕ ਦਿਨ ਦੇ ਅੰਦਰ ਫੈਸਲਾ ਲੈ ਕੇ ਭਲਕ ਤਕ ਅਦਾਲਤ ਨੂੰ ਇਸ ਬਾਰੇ ਸੂਚਿਤ ਕਰਨ। ਮੁੱਖ ਮੰਤਰੀ ਐੱਚ.ਡੀ.ਕੁਮਾਰਸਵਾਮੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਸੂਬਾਈ ਵਜ਼ਾਰਤ ਨੇ ਕਿਹਾ ਕਿ ਜੇਕਰ ਭਾਜਪਾ ਕਰਨਾਟਕ ਅਸੈਂਬਲੀ ਵਿੱਚ ਬੇਵਿਸਾਹੀ ਮਤਾ ਰੱਖਦੀ ਹੈ, ਤਾਂ ਉਹ ਇਸ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹਨ। ਪੇਂਡੂ ਵਿਕਾਸ ਮੰਤਰੀ ਕ੍ਰਿਸ਼ਨਾ ਬਾਇਰੇ ਗੌੜਾ ਨੇ ਕਿਹਾ, ‘ਵਜ਼ਾਰਤੀ ਮੀਟਿੰਗ ਦੌਰਾਨ ਨਵੇਂ ਸਿਆਸੀ ਹਾਲਾਤ ’ਤੇ ਚਰਚਾ ਕੀਤੀ ਗਈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ ਸਰਕਾਰ ਸਿਆਸੀ ਸੰਕਟ ’ਚ ਘਿਰੀ ਹੋਈ ਹੈ। ਇਸ ਦੌਰਾਨ ਸਿਆਸੀ ਸੰਕਟ ਨੂੰ ਟਾਲਣ ਸਬੰਧੀ ਕਾਰਕਾਂ ’ਤੇ ਚਰਚਾ ਕੀਤੀ ਗਈ।’ ਵਜ਼ਾਰਤੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌੜਾ ਨੇ ਕਿਹਾ, ‘ਗੱਠਜੋੜ ਸਰਕਾਰ ਨੂੰ ਅਸਥਿਰ ਕਰਨ ਦੀ ਇਹ ਛੇਵੀਂ ਜਾਂ ਸੱਤਵੀਂ ਕੋਸ਼ਿਸ਼ ਹੈ। ਹੁਣ ਤਕ ਅਸੀਂ ਕਈ ਹੱਲਿਆਂ ਨੂੰ ਝੱਲਿਆ ਹੈ, ਪਰ ਐਤਕੀਂ ਹਾਲਾਤ ਵੱਧ ਸੰਜੀਦਾ ਹਨ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਮੰਤਰੀਆਂ ਨੇ ਇਸ ਸਿਆਸੀ ਸੰਕਟ ਦਾ ਬਹਾਦਰੀ ਨਾਲ ਤੇ ਇਕੱਠਿਆਂ ਰਹਿ ਕੇ ਟਾਕਰਾ ਕਰਨ ਦਾ ਫੈਸਲਾ ਕੀਤਾ ਹੈ।’ ਅਸਤੀਫ਼ੇ ਦੇਣ ਵਾਲੇ 16 ਵਿਧਾਇਕਾਂ ’ਚੋਂ 13 ਕਾਂਗਰਸ ਤੇ ਤਿੰਨ ਜੇਡੀਐਸ ਨਾਲ ਸਬੰਧਤ ਹਨ। 224 ਮੈਂਬਰੀ ਕਰਨਾਟਕ ਵਿਧਾਨ ਸਭਾ ਵਿੱਚ ਕਾਂਗਰਸ-ਜੇਡੀਐਸ ਗੱਠਜੋੜ ਦੇ 115 ਵਿਧਾਇਕ ਸਨ ਤੇ ਇਕ ਵਿਧਾਇਕ ਬਸਪਾ ਦਾ ਹੈ। ਜੇਕਰ 16 ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਹੋ ਜਾਂਦੇ ਹਨ ਤਾਂ ਗੱਠਜੋੜ ਸਰਕਾਰ 100 ਵਿਧਾਇਕਾਂ ਨਾਲ ਘੱਟਗਿਣਤੀ ਰਹਿ ਜਾਵੇਗੀ। ਇਸ ਤੋਂ ਪਹਿਲਾਂ ਕਰਨਾਟਕ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਸੁਪਰੀਮ ਕੋਰਟ ਨੇ ਅੱਜ ਸਵੇਰੇ ਕਾਂਗਰਸ ਤੇ ਜੇਡੀਐੱਸ ਗੱਠਜੋੜ ਨਾਲ ਸਬੰਧਤ ਦਸ ਬਾਗ਼ੀ ਵਿਧਾਇਕਾਂ ਨੂੰ ਅਸਤੀਫ਼ਿਆਂ ਸਬੰਧੀ ਆਪਣੇ ਫੈਸਲੇ ਤੋਂ ਜਾਣੂ ਕਰਵਾਉਣ ਲਈ, ਕਰਨਾਟਕ ਅਸੈਂਬਲੀ ਦੇ ਸਪੀਕਰ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸਪੀਕਰ ਰਮੇਸ਼ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਵਿਧਾਇਕਾਂ ਦੇ ਅਸਤੀਫ਼ੇ ਸਬੰਧੀ ਇਕ ਦਿਨ ਦੇ ਅੰਦਰ ਫੈਸਲਾ ਲੈ ਕੇ ਭਲਕੇ ਸ਼ੁੱਕਰਵਾਰ ਤਕ ਅਦਾਲਤ ਨੂੰ ਇਸ ਬਾਰੇ ਸੂਚਿਤ ਕਰਨ। ਇਸ ਦੇ ਨਾਲ ਹੀ ਬੈਂਚ, ਜਿਸ ਵਿੱਚ ਜਸਟਿਸ ਦੀਪਕ ਗੁਪਤਾ ਤੇ ਅਨਿਰੁੱਧ ਬੋਸ ਵੀ ਸ਼ਾਮਲ ਸਨ, ਨੇ ਕਰਨਾਟਕ ਦੇ ਡੀਜੀਪੀ ਨੂੰ ਹਦਾਇਤ ਕੀਤੀ ਕਿ ਉਹ 10 ਬਾਗ਼ੀ ਵਿਧਾਇਕਾਂ ਦੇ ਮੁੰਬਈ ਪੁੱਜਣ ਉੱਤੇ ਬੰਗਲੁਰੂ ਹਵਾਈ ਅੱਡੇ ਤੋਂ ਅਸੈਂਬਲੀ ਤਕ ਸੁਰੱਖਿਆ ਮੁਹੱਈਆ ਕਰਵਾਉਣ। ਉਂਜ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਉਸ ਨੇ ਉਨ੍ਹਾਂ ਦਸ ਵਿਧਾਇਕਾਂ ਸਬੰਧੀ ਹੀ ਹੁਕਮ ਕੀਤੇ ਹਨ, ਜਿਨ੍ਹਾਂ ਦੇ ਨਾਂ ਪਟੀਸ਼ਨ ਵਿੱਚ ਸ਼ਾਮਲ ਹਨ। ਇਨ੍ਹਾਂ ਦਸ ਬਾਗ਼ੀ ਵਿਧਾਇਕਾਂ ਨੇ ਕਰਨਾਟਕ ਅਸੈਂਬਲੀ ਦੇ ਸਪੀਕਰ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਨਾ ਕੀਤੇ ਜਾਣ ਮਗਰੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਪਟੀਸ਼ਨ ਦਾਖ਼ਲ ਕਰਨ ਵਾਲੇ ਦਸ ਵਿਧਾਇਕਾਂ ’ਚ ਪ੍ਰਤਾਪ ਗੌੜਾ ਪਾਟਿਲ, ਰਮੇਸ਼ ਜਰਕੀਹੋਲੀ, ਬਾਇਰਾਤੀ ਬਸਾਵਰਾਜ, ਬੀ.ਸੀ.ਪਾਟਿਲ, ਐੱਸ.ਟੀ.ਸੋਮਾਸ਼ੇਖਰ, ਅਰਬੇਲ ਸ਼ਿਵਾਰਾਮ ਹੈੱਬਰ, ਮਹੇਸ਼ ਕੁਮਾਥਾਲੀ, ਕੇ.ਗੋਪਾਲਿਆ, ਏ.ਐੱਚ.ਵਿਸ਼ਵਨਾਥ ਤੇ ਨਰਾਇਣ ਗੌੜਾ ਸ਼ਾਮਲ ਹਨ। ਵਿਧਾਇਕਾਂ ਵੱਲੋਂ ਪੇਸ਼ ਹੁੰਦਿਆਂ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਕਿਹਾ ਕਿ ਕਰਨਾਟਕ ਅਸੈਂਬਲੀ ਵਿੱਚ ਬੜੀ ਅਜੀਬੋ ਗਰੀਬ ਸਥਿਤੀ ਹੈ, ਜਿੱਥੇ 15 ਵਿਧਾਇਕ ਅਸਤੀਫ਼ਾ ਦੇਣਾ ਚਾਹੁੰਦੇ ਹਨ, ਪਰ ਸਪੀਕਰ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਕਰਨ ਲਈ ਤਿਆਰ ਨਹੀਂ। ਰੋਹਤਗੀ ਨੇ ਕਿਹਾ ਕਿ 6 ਜੁਲਾਈ ਨੂੰ ਕੁਝ ਬਾਗ਼ੀ ਵਿਧਾਇਕ ਜਦੋਂ ਆਪਣੇ ਅਸਤੀਫ਼ੇ ਸੌਂਪਣ ਲਈ ਗਏ ਤਾਂ ਸਪੀਕਰ ਦਫ਼ਤਰ ਦੇ ਪਿਛਲੇ ਦਰਵਾਜ਼ਿਓਂ ਖਿਸਕ ਗਏ। ਉਨ੍ਹਾਂ ਕਿਹਾ ਕਿ ਜਦੋਂ ਇਕ ਬਾਗ਼ੀ ਵਿਧਾਇਕ ਨੇ ਸਪੀਕਰ ਦੇ ਦਫ਼ਤਰ ਦਾਖ਼ਲ ਹੋਣ ਦਾ ਯਤਨ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਦੀ ਥਾਂ ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣਾ ਚਾਹੁੰਦੀ ਹੈ।
ਕਰਨਾਟਕ ਸਿਆਸੀ ਸੰਕਟ ਲਈ ਭਾਜਪਾ ਜ਼ਿੰਮੇਵਾਰ: ਸੀਪੀਐਮ
ਕਨੂਰ: ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਭਾਜਪਾ ’ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਕਰਨਾਟਕ ਵਿੱਚ ਹੋ ਰਹੀ ਦਲ-ਬਦਲੀ ਭਗਵਾਂ ਪਾਰਟੀ ਦੇ ਦੇਸ਼ ਨੂੰ ‘ਵਿਰੋਧੀ ਧਿਰ’ ਮੁਕਤ ਕਰਨ ਦੇ ਏਜੰਡੇ ਦਾ ਹਿੱਸਾ ਹੈ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਯੇਚੁਰੀ ਨੇ ਦਾਅਵਾ ਕੀਤਾ ਕਿ ਭਾਜਪਾ ਸੱਤਾ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।