ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਕੌਮੀ ਪੱਧਰ ’ਤੇ ਦਿੱਤੇ ਸੱਦੇ ਤਹਿਤ ਅੱਜ ਆਂਗਣਵਾੜੀ ਯੂਨੀਅਨ ਲੁਧਿਆਣਾ ਨੇ ਡੀਸੀ ਦਫਤਰ ਅੱਗੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪੂਰਿਆਂ ਕਰਨ ’ਤੇ ਜ਼ੋਰ ਦਿੰਦਿਆਂ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਨੇ ਕੀਤੀ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੁਭਾਸ਼ ਰਾਣੀ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਆਂਗਣਵਾੜੀ ਵਰਕਰਾਂ, ਹੈਲਪਰਾਂ ਲਈ ਸੰਜੀਦਾ ਨਹੀਂ ਹਨ। ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮੈਨੀਫੈਸਟੋ ’ਚ ਵਾਅਦਾ ਕੀਤਾ ਸੀ ਕਿ ਜੇ ਉਨਾਂ ਦੀ ਸਰਕਾਰ ਆਈ ਤਾਂ ਆਈਸੀਡੀਐਸ ਸਕੀਮ ਦਾ ਵਿਸਥਾਰ ਕਰਕੇ ਉਨਾਂ ਦੇ ਬਣਦੇ ਮਾਣਭੱਤੇ ਵਿੱਚ ਵਾਧਾ ਕੀਤਾ ਜਾਵੇਗਾ। ਇਸ ਤਹਿਤ ਪਿਛਲੀ ਟਰਮ ਵਿੱਚ ਮੋਦੀ ਸਰਕਾਰ ਨੇ 44ਵੀਂ ਅਤੇ 45ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਿਸ਼ਾਂ ਅਨੁਸਾਰ ਘੱਟੋ ਘਟ ਮਿਨੀਮਮ ਵੇਜ ਦੇ ਘੇਰੇ ਵਿੱਚ ਨਾ ਲਿਆ ਕਿ ਨਿਗੂਣਾ ਜਿਹਾ ਮਾਣ ਭੱਤਾ ਵਧਾਇਆ ਸੀ। ਇਸ ਵਿੱਚ 60:40 ਦੇ ਅਨੁਪਾਤ ਹੇਠ ਪੰਜਾਬ ਸਰਕਾਰ ਨੇ 40 ਫੀਸਦ ਪਾਉਣਾ ਸੀ ਪਰ ਉਸ ਨੇ ਆਪਣਾ ਪੱਲਾ ਝਾੜ ਲਿਆ। ਕੇਂਦਰ ਵੱਲੋਂ ਇਹ ਵੀ ਵਾਧਾ ਵੀ 7 ਸਾਲ ਬਾਅਦ ਕੀਤਾ ਗਿਆ ਹੈ। ਸਰਕਾਰਾਂ ਦੀ ਅਣਦੇਖੀ ਪ੍ਰਤੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਈਸੀਡੀਐਸ ਨੂੰ ਪੂਰਨ ਬਜਟ ਦਿੰਦੇ ਹੋਏ ਨਾਨ-ਪਲਾਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਸ਼ਿਫਾਰਸ਼ਾਂ ਲਾਗੂ ਕੀਤੀਆਂ ਜਾਣ। ਸੁਭਾਸ਼ ਰਾਣੀ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਦੀਆਂ ਹੋਰ ਮੰਗਾਂ ’ਚ ਆਈਸੀਡੀਐਮ ਨੂੰ ਵਿਭਾਗ ਬਣਾ ਕਿ ਵਰਕਰ, ਹੈਲਪਰ ਨੂੰ ਗ੍ਰੇਡ ਤਿੰਨ ਅਤੇ ਚਾਰ ਦਾ ਦਰਜਾ ਦਿੱਤੇ ਜਾਣ, ਵਰਕਰ ਲਈ 18000 ਅਤੇ ਹੈਲਪਰ ਲਈ 15000 ਰੁਪਇਆ ਮਾਣ ਭੱਤਾ ਦੇਣ, 6000 ਰੁਪਏ ਪੈਨਸ਼ਨ ਦਾ ਪ੍ਰਬੰਧ ਕਰਨ, 44ਵੀਂ ਅਤੇ 45ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਲਾਗੂ ਕਰਨ, ਮਾਨਭੱਤੇ ਵਿੱਚ ਕੀਤੀ ਕਟੌਤੀ ਬਹਾਲ ਕਰਨ, ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੀ ਸੁਪਰਵਾਈਜ਼ਰਾਂ ਦੀ ਭਰਤੀ ਕਰਨ, ਬਾਲਣ ਦੇ ਪੈਸੇ ਵਧਾ ਕਿ ਇੱਕ ਰੁਪਿਆ ਪ੍ਰਤੀ ਲਾਭਪਾਤਰੀ ਕਰਨ, ਮਹੀਨੇਵਾਰ ਮੀਟਿੰਗ ਲਈ ਦਿੱਤਾ ਜਾਣ ਵਾਲਾ ਵੀਹ ਰੁਪਏ ਟੀਏ ਤੋਂ ਵਧਾ ਕਿ ਦੋ ਸੌ ਰੁਪਏ ਕੀਤੇ ਜਾਣ, ਤਿੰਨ ਤੇ ਛੇ ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ਵਿੱਚ ਯਕੀਨੀ ਬਣਾਉਣ ਅਤੇ ਪ੍ਰੀ-ਪ੍ਰਾਇਮਰੀ ਜਮਾਤਾਂ ਆਂਗਣਵਾੜੀ ਕੇਂਦਰ ਨੂੰ ਦਿੱਤੇ ਜਾਣ, ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰਨ ਕੇਂਦਰ ਬਣਾਉਂਦੇ ਹੋਏ ਹੈਲਪਰ ਦਾ ਪ੍ਰਬੰਧ ਕਰਨ ਆਦਿ ਸ਼ਾਮਿਲ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਪ੍ਰਤੀ ਧਿਆਨ ਨਾ ਦਿੱਤਾ ਗਿਆ ਤਾਂ ਆਉਂਦੇ ਸਮੇਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ।
INDIA ਡੀਸੀ ਦਫ਼ਤਰ ਅੱਗੇ ਆਂਗਣਵਾੜੀ ਵਰਕਰਾਂ ਦੇ ਨਾਅਰੇ ਗੂੰਜੇ