ਕੌਮੀ ਰਿਕਾਰਡਧਾਰੀ ਦੁੱਤੀ ਚੰਦ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ 100 ਮੀਟਰ ਦੀ ਦੌੜ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ ਅਤੇ ਉਹ ਇਨ੍ਹਾਂ ਖੇਡਾਂ ਵਿੱਚ ਅੱਵਲ ਰਹਿਣ ਵਾਲੀ ਪਹਿਲੀ ਭਾਰਤੀ ਮਹਿਲਾ ਟਰੈਕ ਐਂਡ ਫੀਲਡ ਖਿਡਾਰੀ ਬਣ ਗਈ। 23 ਸਾਲ ਦੀ ਦੁੱਤੀ ਨੇ 11.32 ਸੈਕਿੰਡ ਦਾ ਸਮਾਂ ਕੱਢ ਕੇ ਰੇਸ ਜਿੱਤੀ। ਚੌਥੀ ਲੇਨ ਵਿੱਚ ਦੌੜਦਿਆਂ ਦੁੱਤੀ ਅੱਠ ਖਿਡਾਰੀਆਂ ਵਿੱਚ ਪਹਿਲੇ ਨੰਬਰ ’ਤੇ ਰਹੀ। ਸਵਿਟਜ਼ਰਲੈਂਡ ਦੀ ਡੈੱਲ ਪੌਂਟੇ (11.33 ਸੈਕਿੰਡ) ਦੂਜੇ ਸਥਾਨ ’ਤੇ ਰਹੀ। ਜਰਮਨੀ ਦੀ ਲੀਜ਼ਾ ਕਵਾਯੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉੜੀਸਾ ਦੀ ਦੁੱਤੀ ਆਲਮੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਹਿਮਾ ਦਾਸ ਮਗਰੋਂ ਦੂਜੀ ਭਾਰਤੀ ਅਥਲੀਟ ਬਣ ਗਈ ਹੈ। ਹਿਮਾ ਨੇ ਬੀਤੇ ਸਾਲ ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਵਿੱਚ ਸੁਨਹਿਰਾ ਤਗ਼ਮਾ ਜਿੱਤਿਆ ਸੀ। ਦੁੱਤੀ ਨੇ ਏਸ਼ਿਆਈ ਖੇਡਾਂ-2018 ਵਿੱਚ 100 ਅਤੇ 200 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਉਹ ਯੂਨੀਵਰਸਿਟੀ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਖਿਡਾਰੀ ਬਣ ਗਈ ਹੈ। ਉਸ ਤੋਂ ਪਹਿਲਾਂ ਇੰਦਰਜੀਤ ਸਿੰਘ ਨੇ 2015 ਵਿੱਚ ਪੁਰਸ਼ਾਂ ਦੇ ਸ਼ਾਟਪੁੱਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਦੁੱਤੀ ਨੇ ਜਿੱਤ ਮਗਰੋਂ ਕਿਹਾ, ‘‘ਇੰਨੇ ਸਾਲਾਂ ਦੀ ਮਿਹਨਤ ਅਤੇ ਤੁਹਾਡੇ ਆਸ਼ੀਰਵਾਦ ਨਾਲ ਮੈਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ 100 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ।’’ ਇਸ ਤੋਂ ਪਹਿਲਾਂ ਉਸ ਨੇ 11.41 ਸੈਕਿੰਡ ਦਾ ਸਮਾਂ ਕੱਢ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਦੁੱਤੀ ਨੇ ਹਾਲੇ ਸਤੰਬਰ-ਅਕਤੂਬਰ ਵਿੱਚ ਦੋਹਾ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੁੱਤੀ ਨੂੰ ਟਵਿੱਟਰ ’ਤੇ ਵਧਾਈ ਦਿੰਦਿਆਂ ਕਿਹਾ, ‘‘ਯੂਨੀਵਰਸਿਟੀ ਖੇਡਾਂ ਵਿੱਚ 100 ਮੀਟਰ ਫਰਾਟਾ ਜਿੱਤਣ ’ਤੇ ਦੁੱਤੀ ਨੂੰ ਵਧਾਈ। ਇਹ ਭਾਰਤ ਦਾ ਇਨ੍ਹਾਂ ਖੇਡਾਂ ਵਿੱਚ ਪਹਿਲਾ ਸੋਨ ਤਗ਼ਮਾ ਹੈ, ਜਿਸ ’ਤੇ ਸਾਨੂੰ ਕਾਫ਼ੀ ਮਾਣ ਹੈ।’’ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ, ‘‘ਮੈਂ ਬਚਪਨ ਤੋਂ ਇਨ੍ਹਾਂ ਖੇਡਾਂ ਵਿੱਚ ਸੋਨ ਤਗ਼ਮੇ ਦੀ ਉਡੀਕ ਕਰ ਰਿਹਾ ਹਾਂ। ਅਖ਼ੀਰ ਭਾਰਤ ਨੂੰ ਸੋਨ ਤਗ਼ਮਾ ਮਿਲਿਆ। ਦੁੱਤੀ ਚੰਦ ਨੂੰ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਵਧਾਈ।’’
Sports ਵਿਸ਼ਵ ਯੂਨੀਵਰਿਸਟੀ ਖੇਡਾਂ ’ਚ ਭਾਰਤ ਨੂੰ ਗੋਲਡ