ਆਹਲੂਵਾਲੀਆ ਦੀ ਤਾਜਪੋਸ਼ੀ ਮੌਕੇ ਕਾਂਗਰਸੀ ਵਿਧਾਇਕ ਗ਼ੈਰਹਾਜ਼ਰ

ਨਗਰ ਸੁਧਾਰ ਟਰੱਸਟ ਦੇ ਨਵੇਂ ਬਣੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਵੱਲੋਂ ਅਹੁਦਾ ਸੰਭਾਲਣ ਸਮੇਂ ਜਲੰਧਰ ਦੇ ਚਾਰੇ ਕਾਂਗਰਸੀ ਵਿਧਾਇਕਾਂ ਦੀ ਗ਼ੈਰਹਾਜ਼ਰੀ ਰੜਕਦੀ ਰਹੀ। ਜਦਕਿ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਲੋਕ ਸਭਾ ਦੇ ਚਲਦੇ ਸੈਸ਼ਨ ਦੌਰਾਨ ਹੀ ਉਚੇਚੇ ਤੌਰ ’ਤੇ ਹਵਾਈ ਜਹਾਜ਼ ਰਾਹੀਂ ਜਲੰਧਰ ਪਹੁੰਚੇ। ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਨਗਰ ਸੁਧਾਰ ਟਰੱਸਟ ਦੀਆਂ 250 ਕਰੋੜ ਰੁਪਏ ਦੀਆਂ ਦੇਣਦਾਰੀਆਂ ਨਵੇਂ ਬਣੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਅੱਗੇ ਵੱਡੀਆਂ ਚੁਣੌਤੀਆਂ ਹਨ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਇਸ ਗੱਲ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਕਿ ਟਰੱਸਟ ’ਚ ਹੱਦੋਂ ਵੱਧ ਭ੍ਰਿਸ਼ਟਾਚਾਰ ਹੈ ਪਰ ਉਹ ਕਿਸੇ ਵੀ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਸ ਕੋਲੋਂ ਅਹੁਦੇ ਮੁਤਾਬਕ ਬਣਦਾ ਕੰਮ ਲੈਣਗੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾ ਸਕਣ। ਨਗਰ ਸੁਧਾਰ ਟਰੱਸਟ ਪੰਜਾਬ ਨੈਸ਼ਨਲ ਬੈਂਕ ਦਾ 113 ਕਰੋੜ ਰੁਪਏ ਦਾ ਕਰਜ਼ਾਈ ਹੈ। ਇਸ ਤੋਂ ਇਲਾਵਾ ਅਦਾਲਤਾਂ ਵਿਚ ਚਲਦੇ ਕੇਸ ਤੇ ਹੋਰ ਦੇਣਦਾਰੀਆਂ ਦੀ ਰਕਮ 250 ਕਰੋੜ ਤੋਂ ਟੱਪ ਜਾਂਦੀ ਹੈ। ਟਰੱਸਟ ਦੀਆਂ ਬਹੁਤੀਆਂ ਜਾਇਦਾਦਾਂ ਗਹਿਣੇ ਰੱਖਣ ਅਤੇ ਵੇਚਣ ਦੀਆਂ ਤਜਵੀਜ਼ਾਂ ਵੀ ਬਣੀਆਂ ਹੋਈਆਂ ਹਨ। ਨਗਰ ਸੁਧਾਰ ਟਰੱਸਟ ਦੇ ਦਫਤਰ ’ਚ ਜਿੱਥੇ ਸ੍ਰੀ ਆਹਲੂਵਾਲੀਆ ਨੇ ਆਪਣਾ ਅਹੁਦਾ ਸੰਭਾਲਣਾ ਸੀ ਉਥੇ ਸਥਾਨਕ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀ ਏਨੀ ਭੀੜ ਸੀ ਕਿ ਕਮਰੇ ਅੰਦਰ ਦਾਖ਼ਲ ਹੋਣਾ ਹੀ ਮੁਸ਼ਕਲ ਹੋਇਆ ਪਿਆ ਸੀ। ਗਰਮੀ ਤੇ ਹੁੰਮਸ ਕਾਰਨ ਸਾਰੇ ਆਗੂਆਂ ਦੇ ਕੱਪੜੇ ਭਿੱਜੇ ਹੋਏ ਸਨ। ਕਾਂਗਰਸੀ ਕੌਂਸਲਰਾਂ ਵਿਚ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਚਲਦੀ ਰਹੀ ਕਿ ਸ਼ਹਿਰ ਦੇ ਚਾਰ ਕਾਂਗਰਸੀ ਵਿਧਾਇਕ ਪਰਗਟ ਸਿੰਘ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਅਤੇ ਬਾਵਾ ਹੈਨਰੀ ਗ਼ੈਰਹਾਜ਼ਰ ਕਿਉਂ ਹਨ? ਵਿਧਾਇਕ ਸ੍ਰੀ ਰਿੰਕੂ ਦੀ ਕੌਂਸਲਰ ਪਤਨੀ ਸੁਨੀਤਾ ਰਿੰਕੂ ਨੇ ਕਿਹਾ ਕਿ ਉਸ ਦੇ ਪਤੀ ਅਮਰਨਾਥ ਯਾਤਰਾ ’ਤੇ ਗਏ ਹੋਏ ਹਨ। ਕਾਂਗਰਸੀ ਹਲਕਿਆਂ ’ਚ ਇਸ ਗੱਲ ਨੂੰ ਲੈ ਕੇ ਵੀ ਜ਼ੋਰਦਾਰ ਚਰਚਾ ਚੱਲਦੀ ਰਹੀ ਕਿ ਦਲਜੀਤ ਸਿੰਘ ਆਹਲੂਵਾਲੀਆ ਨੇ ਅਹੁਦਾ ਸੰਭਾਲਣ ਵਿਚ ਏਨੀ ਕਾਹਲ ਕਿਉਂ ਦਿਖਾਈ ਹੈ? ਜਦਕਿ ਆਹਲੂਵਾਲੀਆ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਪਿਛਲੀ ਕੈਪਟਨ ਸਰਕਾਰ ਦੌਰਾਨ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਨੂੰ 2003 ਵਿਚ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਪਰ ਉਸ ਨੇ ਅਹੁਦਾ ਸੰਭਾਲਣ ’ਚ ਦੋ-ਤਿੰਨ ਦਿਨ ਲਗਾ ਦਿੱਤੇ ਸਨ ਤਾਂ ਇਸੇ ਦੌਰਾਨ ਫੈਸਲਾ ਬਦਲ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ ’ਤੇ ਤੇਜਿੰਦਰ ਸਿੰਘ ਬਿੱਟੂ ਨੂੰ ਚੇਅਰਮੈਨ ਲਾ ਦਿੱਤਾ ਗਿਆ ਸੀ।

Previous articleਮੁਹਾਲੀ ਹਵਾਈ ਅੱਡਾ: ਨਾਮਕਰਨ ਦਾ ਮੁੱਦਾ ਸੰਸਦ ’ਚ ਗੂੰਜਿਆ
Next articleਪ੍ਰਸ਼ਾਸਨ ਦੇ ਦਖ਼ਲ ਮਗਰੋਂ ਖੁੱਲ੍ਹੇ ਬੁਰਜ ਹਰੀ ਸਿੰਘ ਦੇ ਆਰਓ ਦੇ ਜਿੰਦਰੇ