ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਿਧਾਇਕਾਂ ਨੂੰ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਨ ਅਤੇ 31 ਅਕਤੂਬਰ ਨੂੰ ਵੱਲਭ ਭਾਈ ਪਟੇਲ ਦੇ ਜਨਮ ਦਿਨ ਮੌਕੇ ਆਪੋ-ਆਪਣੇ ਸੰਸਦੀ ਹਲਕੇ ’ਚ 150 ਕਿਲੋਮੀਟਰ ਦੀ ਪੈਦਲ ਯਾਤਰਾ ਕਰਨ ਅਤੇ ਗਾਂਧੀ ਦੇ ਵਿਚਾਰਾਂ ਤੇ ਸਿੱਖਿਆਵਾਂ ਦਾ ਪ੍ਰਚਾਰ ਕਰਨ ਤੇ ਪੌਦੇ ਲਗਾਉਣ ਲਈ ਕਿਹਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਭਾਜਪਾ ਦੀ ਸੰਸਦੀ ਪਾਰਟੀ ਦੀ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਰਾਜ ਸਭਾ ਮੈਂਬਰਾਂ ਨੂੰ ਉਨ੍ਹਾਂ ਹਲਕਿਆਂ ’ਚ ਜਾਣ ਲਈ ਕਿਹਾ ਜਿੱਥੇ ਭਾਜਪਾ ਦਾ ਆਧਾਰ ਕਮਜ਼ੋਰ ਹੈ। ਸ੍ਰੀ ਜੋਸ਼ੀ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ‘ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਮਹਾਤਮਾ ਗਾਂਧੀ ਤੇ ਵੱਲਭ ਭਾਈ ਪਟੇਲ ਦੇ ਜਨਮ ਦਿਨਾਂ ਦੇ ਮੱਦੇਨਜ਼ਰ ਦੋ ਤੋਂ 31 ਅਕਤੂਬਰ ਵਿਚਾਲੇ ਸਾਰੇ ਸੰਸਦ ਮੈਂਬਰ ਆਪੋ ਆਪਣੇ ਹਲਕਿਆਂ ’ਚ 150 ਕਿਲੋਮੀਟਰ ਦੀਆਂ ਪੈਦਲ ਯਾਤਰਾਵਾਂ ਕਰਨਗੇ।’ ਪ੍ਰਧਾਨ ਮੰਤਰੀ ਨੇ ਇਹ ਸੁਝਾਅ ਦਿੱਤਾ ਕਿ ਪੈਦਲ ਯਾਤਰਾਵਾਂ ਦੋ ਅਕਤੂਬਰ (ਮਹਾਤਮਾ ਗਾਂਧੀ ਦਾ ਜਨਮ ਦਿਨ) ਅਤੇ 30 ਜਨਵਰੀ (ਮਹਾਤਮਾ ਗਾਂਧੀ ਦਾ ਬਲਿਦਾਨ ਦਿਵਸ) ਵਿਚਾਲੇ ਕੀਤੀਆਂ ਜਾ ਸਕਦੀਆਂ ਹਨ।
ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਨੁਸਾਰ ਇਹ ਪੈਦਲ ਯਾਤਰਾਵਾਂ ਪਿੰਡਾਂ ਅਤੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਕੀਤੀਆਂ ਜਾ ਰਹੀਆਂ ਹਨ।
HOME ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਪੈਦਲ ਯਾਤਰਾਵਾਂ ਦੇ ਨਿਰਦੇਸ਼ ਦਿੱਤੇ