ਛੁੱਟੀਆਂ ਦਾ ਕੰਮ ਨਾ ਕਰਨ ’ਤੇ ਜਮਾਤ ਵਿਚ ਬੱਚੇ ਨੂੰ ਕੀਤਾ ਬੇਇੱਜ਼ਤ

ਪਿੰਡ ਰਤਨਹੇੜੀ ਦੇ ਸਰਕਾਰੀ ਮਿਡਲ ਸਕੂਲ ਵਿਚ ਸੱਤਵੀਂ ਜਮਾਤ ਦੇ ਵਿਦਿਆਰਥੀ ਨੂੰ ਛੁੱਟੀਆਂ ਦਾ ਕੰਮ ਨਾ ਕਰਨ ’ਤੇ ਜਮਾਤ ਵਿਚ ਬੇਇੱਜ਼ਤ ਕੀਤਾ ਗਿਆ। ਡਰ ਕਾਰਨ ਸਕੂਲੋਂ ਭੱਜਿਆ ਬੱਚਾ ਰੇਲ ਗੱਡੀ ਰਾਹੀਂ ਲੁਧਿਆਣਾ ਪਹੁੰਚ ਗਿਆ, ਜਿੱਥੇ ਰੇਲਵੇ ਪੁਲੀਸ ਨੇ ਉਸ ਨੂੰ ਵਾਪਸ ਖੰਨਾ ਪਹੁੰਚਾਇਆ। ਪਰਿਵਾਰ ਵਾਲਿਆਂ ਨੇ ਇਸ ਘਟਨਾ ਸਬੰਧੀ ਸਕੂਲ ਅਧਿਆਪਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਵਿਦਿਆਰਥੀ ਸ਼ਸ਼ੀ ਨੇ ਦੱਸਿਆ ਕਿ 2 ਜੁਲਾਈ ਨੂੰ ਜਦੋਂ ਉਹ ਸਕੂਲ ਗਿਆ ਸੀ ਤਾਂ ਉਸ ਦਾ ਛੁੱਟੀਆਂ ਦਾ ਥੋੜ੍ਹਾ ਜਿਹਾ ਕੰਮ ਰਹਿੰਦਾ ਸੀ। ਅਧਿਆਪਕਾ ਨੇ ਉਸ ਨੂੰ ਜਮਾਤ ਵਿਚ ਜ਼ਲੀਲ ਕਰਦਿਆਂ ਕਿਹਾ ਕਿ ਉਹ ਪੜ੍ਹਨ ਦੇ ਯੋਗ ਨਹੀਂ ਹੈ। ਇਸ ਲਈ ਉਸ ਦਾ ਸਕੂਲ ’ਚੋਂ ਨਾਂ ਕੱਟ ਦਿੱਤਾ ਜਾਵੇਗਾ। ਅਧਿਆਪਕਾ ਵਾਰ-ਵਾਰ ਉਸ ਨੂੰ ਬੇਇੱਜ਼ਤ ਕਰਦੀ ਰਹੀ ਅਤੇ ਮੁਰਗਾ ਬਣਨ ਲਈ ਕਿਹਾ। ਉਸ ਨੇ ਮੁਰਗਾ ਬਣਨ ਤੋਂ ਇਨਕਾਰ ਕਰਦਿਆਂ ਨਾਂ ਕੱਟਣ ਉਪਰ ਹਾਮੀ ਭਰ ਦਿੱਤੀ। ਇਸ ’ਤੇ ਭੜਕੀ ਅਧਿਆਪਕਾ ਨੇ ਉਸ ਕੋਲੋਂ ਸਕੂਲੋਂ ਮਿਲੀਆਂ ਕਿਤਾਬਾਂ ਤੇ ਵਰਦੀ ਮੰਗੀ। ਜਦੋਂ ਉਸਨੇ ਕਿਤਾਬਾਂ ਦਿੰਦੇ ਹੋਏ ਕਿਹਾ ਕਿ ਉਹ ਵਰਦੀ ਕੱਲ੍ਹ ਨੂੰ ਵਾਪਸ ਕਰ ਜਾਵੇਗਾ ਤਾਂ ਅਧਿਆਪਕਾ ਨਹੀਂ ਮੰਨੀ। ਫਿਰ ਉਸਨੇ ਕਮੀਜ਼ ਖੋਲ੍ਹ ਕੇ ਪੈਂਟ ਘਰ ਜਾ ਕੇ ਬਦਲਣ ਦੀ ਗੱਲ ਆਖੀ ਤਾਂ ਅਧਿਆਪਕਾ ਨੇ ਨਾਲ ਬੈਠੇ ਲੜਕਿਆਂ ਨੂੰ ਕਿਹਾ ਕਿ ਉਸਦੀ ਪੈਂਟ ਖੋਲ੍ਹ ਦਿੱਤੀ ਜਾਵੇ। ਇਹ ਸੁਣਦੇ ਹੀ ਉਹ ਕਮੀਜ਼ ਉਥੇ ਹੀ ਸੁੱਟ ਕੇ ਸਕੂਲੋਂ ਭੱਜ ਗਿਆ। ਅਧਿਆਪਕਾ ਨੇ ਉਸਦੇ ਪਿੱਛੇ ਹੀ ਦੋ ਵਿਦਿਆਰਥੀ ਭੇਜੇ। ਉਹ ਡਰਦ ਉਹ ਸਿੱਧਾ ਰੇਲਵੇ ਸਟੇਸ਼ਨ ਉਪਰ ਪਹੁੰਚਿਆ ਅਤੇ ਰੇਲ ਗੱਡੀ ਰਾਹੀਂ ਲੁਧਿਆਣਾ ਜਾ ਪਹੁੰਚਿਆ। ਉਥੇ ਉਸ ਨੂੰ ਰੇਲਵੇ ਪੁਲੀਸ ਨੇ ਫੜ ਲਿਆ ਤਾਂ ਉਸਨੇ ਸਾਰੀ ਗੱਲ ਦੱਸੀ। ਪੁਲੀਸ ਮੁਲਾਜ਼ਮਾਂ ਨੇ ਉਸਨੂੰ ਸਮਝਾ ਕੇ ਵਾਪਸੀ ਵਾਲੀ ਗੱਡੀ ਬਿਠਾ ਦਿੱਤਾ ਤਾਂ ਉਹ ਰਾਤ ਕਰੀਬ 10 ਵਜੇ ਘਰ ਵਾਪਸ ਪਹੁੰਚਿਆ।ਸ਼ਸ਼ੀ ਦੀ ਦਾਦੀ ਉਰਮਿਲਾ ਦੇਵੀ ਨੇ ਦੱਸਿਆ ਕਿ ਬੱਚੇ ਦੇ ਮਾਤਾ ਪਿਤਾ ਬਿਹਾਰ ਗਏ ਹੋਏ ਹਨ। 2 ਜੁਲਾਈ ਨੂੰ ਉਸ ਨੂੰ ਘਟਨਾ ਬਾਰੇ ਪਤਾ ਨਹੀਂ ਸੀ। ਇਸ ਦੌਰਾਨ ਸਕੂਲ ਦਾ ਇੱਕ ਅਧਿਆਪਕ ਉਨ੍ਹਾਂ ਦੇ ਘਰ ਆਇਆ ਸੀ ਅਤੇ ਉਸ ਕੋਲੋਂ ਜਬਰਦਸਤੀ ਕਾਗਜਾਂ ਉਪਰ ਅੰਗੂਠਾ ਲਗਵਾ ਕੇ ਚਲਾ ਗਿਆ ਸੀ। ਰਾਤ ਨੂੰ ਜਦੋਂ ਸ਼ਸ਼ੀ ਨੇ ਆ ਕੇ ਸਾਰੀ ਗੱਲ ਦੱਸੀ ਤਾਂ ਉਸ ਨੂੰ ਸੱਚਾਈ ਦਾ ਪਤਾ ਲੱਗਿਆ।

Previous articleਸਰਕਾਰੀ ਬੈਂਕਾਂ ਨੂੰ ‘ਆਜ਼ਾਦ’ ਕਰਨ ਦੀ ਲੋੜ: ਰਾਜਨ
Next articleAfridi six-for helps Pakistan end on a high