ਜ਼ਖ਼ਮੀ ਕੈਦੀ ਦੀ ਨਿਗਰਾਨੀ ਲਈ 40 ਪੁਲੀਸ ਮੁਲਾਜ਼ਮ ਤਾਇਨਾਤ

ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਕੇਂਦਰੀ ਜੇਲ੍ਹ ਲੁਧਿਆਣਾ ਦੇ ਕੈਦੀ ਵਿਸ਼ਾਲ ਕੁਮਾਰ ਦੇ ਪੱਟ ’ਚ ਲੱਗੀ ਗੋਲੀ ਕੱਢਣ ਲਈ ਉਸ ਦਾ ਅਪਰੇਸ਼ਨ ਅੱਜ ਵੀ ਨਾ ਹੋ ਸਕਿਆ। ਜਾਣਕਾਰੀ ਮੁਤਾਬਕ ਉਸ ਦਾ ਅਪਰੇਸ਼ਨ 2 ਜੁਲਾਈ ਦਿਨ ਮੰਗਲਵਾਰ ਨੂੰ ਹੀ ਹੋ ਸਕੇਗਾ। ਇਹ ਗੋਲੀ ਉਸ ਦੇ ਪੱਟ ਦੀ ਹੱਡੀ ’ਚ ਫਸੀ ਹੋਈ ਹੈ ਅਤੇ ਡੂੰਘੇ ਜ਼ਖਮ ਅਤੇ ਡਾਕਟਰੀ ਪੱਖ ਤੋਂ ਕੁਝ ਹੋਰ ਕਾਰਨਾਂ ਕਰਕੇ ਅਜੇ ਅਪਰੇਸ਼ਨ ਲਈ ਢੁਕਵਾਂ ਸਮਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਹ ਗੋਲੀ ਉਸ ਦੇ 27 ਜੂਨ ਨੂੰ ਲੁਧਿਆਣਾ ਜੇਲ੍ਹ ਵਿਚ ਵਾਪਰੇ ਘਟਨਾਕ੍ਰਮ ਦੌਰਾਨ ਵੱਜੀ ਸੀ, ਜਿਸ ਮਗਰੋਂ ਵਿਸ਼ਾਲ ਨੂੰ ਪਟਿਆਲਾ ਲਿਆਂਦਾ ਗਿਆ ਸੀ। ਸ਼ਨਿੱਚਰਵਾਰ ਨੂੰ ਅਪਰੇਸ਼ਨ ਕਰਨ ਦੀ ਗੱਲ ਆਖੀ ਜਾ ਰਹੀ ਸੀ। ਇਹ ਅਪਰੇਸ਼ਨ ਰਾਜਿੰਦਰਾ ਹਸਪਤਾਲ ਦੇ ਆਰਥੋ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਵੱਲੋਂ ਕੀਤਾ ਜਾਣਾ ਹੈ।
ਇਸੇ ਦੌਰਾਨ ਵਿਸ਼ਾਲ ਦੇ ਨਾਲ ਹੀ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਰਣਬੀਰ ਸਿੰਘ ਵਾਸੀ ਜਲੰਧਰ ਨੂੰ ਵੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ ਪਰ ਉਸ ਨੂੰ 28 ਜੂਨ ਰਾਤੀ ਛੁੱਟੀ ਮਿਲਣ ’ਤੇ ਇਥੋਂ ਵਾਪਸ ਭੇਜ ਦਿੱਤਾ ਗਿਆ ਸੀ।
ਅਸਲ ’ਚ ਸਰਕਾਰ ਇਨ੍ਹਾਂ ਕੈਦੀਆਂ ਨੂੰ ਗੈਂਗਸਟਰਾਂ ਜਾਂ ਹੋਰ ਅਪਰਾਧੀਆਂ ਵੱਲੋਂ ਛੁਡਾ ਕੇ ਲਿਜਾਣ ਜਾਂ ਇਨ੍ਹਾਂ ਦੇ ਫਰਾਰ ਹੋ ਜਾਣ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸੇ ਕਰਕੇ ਹੀ ਰਾਜਿੰਦਰਾ ਹਸਪਤਾਲ ਵਿਚ ਸਬੰਧਿਤ ਕੈਦੀ ਵਾਰਡ ਦੇ ਅੰਦਰ ਅਤੇ ਬਾਹਰ ਪਟਿਆਲਾ ਪੁਲੀਸ ਦੇ 40 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਸ ਦੀ ਸੁਪਰਵਿਜ਼ਨ ਰਾਜਿੰਦਰਾ ਹਸਪਤਾਲ ਦੀ ਪੁਲੀਸ ਚੌਕੀ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਕਰ ਰਹੇ ਹਨ। ਵਿਸ਼ਾਲ ਨੂੰ ਇਥੇ ਕੈਦੀਆਂ ਲਈ ਵੱਖਰੀ ਬਣਾਈ ਗਈ ਵਾਰਡ ਵਿਚ ਰੱਖਿਆ ਗਿਆ ਹੈ।

Previous articleਬਿਜਲੀ ਨਾ ਮਿਲਣ ਵਿਰੁੱਧ ਕਿਸਾਨਾਂ ਵੱਲੋਂ ਚੱਕਾ ਜਾਮ
Next articleCongress’s ideological crisis