ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਹਾਲ ਦੀ ਘੜੀ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਕਾਰਨ ਜਿੱਥੇ ਮਰੀਜ਼ ਪ੍ਰੇਸ਼ਾਨ ਹਨ, ਉੱਥੇ ਤਿਮਾਰਦਾਰਾਂ ਦਾ ਵੀ ਬੁਰਾ ਹਾਲ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਵਿਚ ਜਲ ਘਰ ਸਥਾਪਿਤ ਕੀਤਾ ਗਿਆ ਹੈ। ਇਥੋਂ ਹਸਪਤਾਲ ਨੂੰ ਪਾਣੀ ਦੀ ਸਪਲਾਈ ਲਈ ਮਹਿਕਮੇ ਵੱਲੋਂ ਵਿਸ਼ੇਸ਼ ਪਾਈਪ ਲਾਈਨ ਪਾਈ ਗਈ ਹੈ, ਪਰ ਜਲਘਰ ਦੀਆਂ ਮੋਟਰਾਂ ਬੀਤੇ ਕੁਝ ਦਿਨਾਂ ਤੋਂ ਖਰਾਬ ਹਨ, ਜਿਸ ਕਾਰਨ ਹਸਪਤਾਲ ਵਿਚ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਪਾਣੀ ਨਾ ਮਿਲਣ ਕਾਰਨ ਬਠਿੰਡਾ ਦੇ ਸਿਹਤ ਕੇਂਦਰ ਵਿੱਚ ਹਾਹਾਕਾਰ ਮਚੀ ਹੋਈ ਹੈ। ਬਾਥਰੂਮਾਂ ਅਤੇ ਟਾਇਲਟਾਂ ਵਿਚ ਪਾਣੀ ਨਾ ਹੋਣ ਕਾਰਨ ਹਸਪਤਾਲ ਦੀ ਦੁਰਦਸ਼ਾ ਹੋ ਗਈ ਹੈ। ਹਸਪਤਾਲ ਵਿਚ ਟੈਂਕਰ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀ 4 ਦਿਨਾਂ ਤੋਂ ਇਸ ਸਮੱਸਿਆ ਤੋਂ ਨਿਜਾਤ ਦੇਣ ਦੀ ਬਜਾਏ ਮੂਕ ਦਰਸ਼ਕ ਬਣੇ ਹੋਏ ਹਨ।
ਹਸਪਤਾਲ ਵਿਚ ਇਲਾਜ ਲਈ ਆਏ ਜੱਗਰ ਸਿੰਘ, ਕੁਲਦੀਪ ਕੁਮਾਰ, ਰੋਹਿਤ ਮੰਗਲਾ ਆਦਿ ਨੇ ਦੱਸਿਆ ਕਿ ਗਰਮੀ ਦੇ ਮਹੀਨੇ ਵਿੱਚ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਪਾਣੀ ਮੁੱਕ ਜਾਣਾ ਬਹੁਤ ਵੱਡੀ ਸਮੱਸਿਆ ਹੈ। ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਟੈਂਕਰਾਂ ਨਾਲ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਹਸਪਤਾਲ ਪ੍ਰਸ਼ਾਸਨ ਇਸ ਸਮੱਸਿਆ ਨੂੰ ਹੱਲ ਕਰਨ ਬਾਰੇ ਕੋਈ ਠੋਸ ਕਾਰਵਾਈ ਨਹੀਂ ਕਰ ਰਿਹਾ।
INDIA ਬਠਿੰਡਾ ਹਸਪਤਾਲ ਵਿੱਚ ਪਾਣੀ ਦੀ ਸਪਲਾਈ ਠੱਪ