ਇਹ 1987 ਦੀਆਂ ਗਰਮੀਆਂ ਦੀ ਰਾਤ ਸੀ ਜਦੋਂ ਉੱਤਰ ਪ੍ਰਦੇਸ਼ ’ਚ ਫਿਰਕੂ ਹਿੰਸਾ ਤੋਂ ਬਾਅਦ ਪੁਰਾਣੀ ਦਿੱਲੀ ’ਚ ਕਰਫਿਊ ਲਗਾ ਦਿੱਤਾ ਗਿਆ ਸੀ ਅਤੇ ਰਾਤ ਨੂੰ ਨੌਜਵਾਨਾਂ ਦਾ ਇੱਕ ਸਮੂਹ ਸਬਜ਼ੀ, ਦੁੱਧ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਲਈ ਬਾਹਰ ਨਿਕਲਿਆ ਸੀ। ਅਸਲ ਵਿੱਚ ਹਜ਼ਰਤ ਸ਼ਾਹ ਵਲੀਉੱਲ੍ਹਾ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਦੀ ਕਹਾਣੀ ਇਸੇ ਰਾਤ ਨਾਲ ਜੁੜੀ ਹੋਈ ਹੈ। ਇਸ ਲਾਇਬ੍ਰੇਰੀ ’ਚ ਸਾਹਿਤ ਜਗਤ ਦੀਆਂ ਕਈ ਦੁਰਲੱਭ ਕਿਤਾਬਾਂ ਹਨ ਜਿਨ੍ਹਾਂ ’ਚ ਤਰਕ ਸ਼ਾਸਤਰ ’ਤੇ 600 ਸਾਲ ਪੁਰਾਣੀ ਇੱਕ ਅਰਬੀ ਕਿਤਾਬ ਹੈ, ਉਰਦੂ ’ਚ ਲਿਖੀ ਗੀਤਾ ਦੀ ਇੱਕ ਕਾਪੀ, ਫਾਰਸੀ ਭਾਸ਼ਾ ’ਚ ਰਾਮਾਇਣ ਦੀ ਕਾਪੀ ਅਤੇ 1855 ’ਚ ਬਹਾਦੁਰ ਸ਼ਾਹ ਜ਼ਫਰ ਦੀ ਪੂਰੀ ਰਚਨਾ ਇੱਥੇ ਮਿਲ ਜਾਵੇਗੀ। ਇਹ ਲਾਇਬ੍ਰੇਰੀ ਪਹਾੜੀ ਇਮਲੀ ਲੇਨ ’ਚ ਸਥਿਤ ਹੈ। ਇਹ ਜਾਮਾ ਮਸਜਿਦ ਵੱਲ ਜਾਣ ਵਾਲੀ ਪ੍ਰਸਿੱਧ ਮਟੀਆ ਮਹਿਲ ਸੜਕ ਦੇ ਖੱਬੇ ਪਾਸੇ ਹੈ। ਆਪਣੇ ਦਸ ਦੋਸਤਾਂ ਨਾਲ ਦਿੱਲੀ ਯੂਥ ਵੈੱਲਫੇਅਰ ਐਸੋਸੀਏਸ਼ਨ (ਡੀਵਾਈਡਬਲਯੂ) ਦੀ ਸਥਾਪਨਾ ਕਰਨ ਵਾਲੇ ਮੁਹੰਮਦ ਨਈਮ ਨੇ ਕਿਹਾ ਕਿ ਉਸ ਰਾਤ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਕਿਹਾ, ‘1987 ’ਚ ਕਰਫਿਊ ਦੇ ਤਿੰਨ-ਚਾਰ ਦਿਨਾਂ ਬਾਅਦ ਖਾਣਾ ਨਹੀਂ ਸੀ, ਦੁੱਧ ਨਹੀਂ ਸੀ। ਅਸੀਂ ਜ਼ਰੂਰੀ ਸਾਮਾਨ ਲੈਣ ਲਈ ਘਰੋਂ ਨਿਕਲੇ ਸੀ। ਇਹ ਇੱਕ ਤਬਦੀਲੀ ਵਾਲਾ ਸਮਾਂ ਸੀ ਜਦੋਂ ਸਾਡੇ ਮਨ ’ਚ ਆਇਆ ਕਿ ਸਾਨੂੰ ਸਚਮੁੱਚ ਲੋਕਾਂ ਲਈ ਕੁਝ ਗੰਭੀਰਤਾ ਨਾਲ ਕਰਨ ਦੀ ਲੋੜ ਹੈ।’ ਪਹਾੜੀ ਇਮਲੀ ਦਾ ਉਹ ਕਮਰਾ ਜੋ ਕੁਆਰੇ ਮੁੰਡਿਆਂ ਨਾਲ ਭਰਿਆ ਰਹਿੰਦਾ ਸੀ ਅਤੇ ਉੱਥੇ ਕੈਰਮ ਬੋਰਡ, ਤਾਸ਼ ਸਮੇਤ ਹੋਰ ਖੇਡਾਂ ਖੇਡੀਆਂ ਜਾਂਦੀਆਂ ਸੀ, ਹੁਣ ਲਾਇਬ੍ਰੇਰੀ ’ਚ ਬਦਲ ਗਿਆ ਅਤੇ ਆਸ-ਪਾਸ ਦੇ ਲੋਕ ਕਿਤਾਬਾਂ ਪੜ੍ਹਨ ਲਈ ਜਮ੍ਹਾਂ ਹੋਣ ਲੱਗੇ।ਨਈਮ ਨੇ ਦੱਸਿਆ ਕਿ ਕਿਵੇਂ ਲੋਕਾਂ ਦੇ ਪੈਸਿਆਂ ਨਾਲ ਚੱਲਣ ਵਾਲੀ ਇਹ ਲਾਇਰਬ੍ਰੇਰੀ 18ਵੀਂ ਸਦੀ ਦੇ ਵਿਦਵਾਨ ਦੇ ਨਾਂ ’ਤੇ ਸਥਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ 1990 ’ਚ 11 ਲੜਕਿਆਂ ਨੇ ਡੀਵਾਈਡਬਲਯੂ ਦੀ ਸਥਾਪਨਾ ਕੀਤੀ ਅਤੇ ਵਿਧਾਵਾਵਾਂ ਨੂੰ 100 ਰੁਪਏ ਦੀ ਸਹਾਇਤਾ ਦੇਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਖੇਤਰ ’ਚ ਗਰੀਬੀ ਤੇ ਹੇਠਲੇ ਪੱਧਰ ਦੀ ਸਿੱਖਿਆ ਨੂੰ ਦੇਖਦਿਆਂ ਇਸ ਸਮੂਹ ਨੇ ਲਾਇਬ੍ਰੇਰੀ ਦੀ ਸਥਾਪਨਾ ਕੀਤੀ। ਇਸ ਲਾਇਬ੍ਰੇਰੀ ਵਿੱਚ 20 ਹਜ਼ਾਰ ਤੋਂ ਵੱਧ ਕਿਤਾਬਾਂ ਹਨ। ਇਨ੍ਹਾਂ ’ਚੋਂ 2500 ਦੁਰਲੱਭ ਕਿਤਾਬਾਂ ਹਨ।
INDIA ਹਜ਼ਰਤ ਸ਼ਾਹ ਵਲੀਉੱਲ੍ਹਾ ਲਾਇਬ੍ਰੇਰੀ ’ਚ ਹਨ ਸੈਂਕੜੇ ਦੁਰਲੱਭ ਕਿਤਾਬਾਂ