ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪਾਕਿਸਤਾਨ ਖ਼ਿਲਾਫ਼ 16 ਜੂਨ ਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਆਉਣ ਮਗਰੋਂ ਅੱਜ ਇੱਥੇ ਪਹਿਲੀ ਵਾਰ ਗੇਂਦਬਾਜ਼ੀ ਕੀਤੀ। ਪਾਕਿਸਤਾਨ ਖ਼ਿਲਾਫ਼ ਸ਼ੁਰੂਆਤੀ ਓਵਰ ਕਰਨ ਮਗਰੋਂ ਹੀ ਭੁਵਨੇਸ਼ਵਰ ਦੇ ਖੱਬੇ ਪੈਰ ਵਿੱਚ ਮੋਚ ਆ ਗਈ ਸੀ। ਭਾਰਤੀ ਸਹਿਯੋਗੀ ਸਟਾਫ਼ ਦੇ ਮੈਂਬਰ ਨੇ ਨੈੱਟ ਸੈਸ਼ਨ ਮਗਰੋਂ ਕਿਹਾ, ‘‘ਉਹ ਹੁਣ ਫਿੱਟ ਲਗਦਾ ਹੈ। ਅਗਲੇ ਦਿਨਾਂ ਵਿੱਚ ਉਸ ਦੀ ਫਿੱਟਨੈੱਸ ਹੋਰ ਬਿਹਤਰ ਹੋਣੀ ਚਾਹੀਦੀ ਹੈ।’’ ਭੁਵਨੇਸ਼ਵਰ ਨੂੰ ਜ਼ਖ਼ਮੀ ਹੋਣ ਮਗਰੋਂ ਅੱਠ ਦਿਨਾਂ ਤੱਕ ਗੇਂਦਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਮੰਗਲਵਾਰ ਨੂੰ ਇਸ ਤੇਜ਼ ਗੇਂਦਬਾਜ਼ ਨੇ ਭਾਰਤੀ ਟੀਮ ਦੇ ਬਦਲਵੇਂ ਅਭਿਆਸ ਸੈਸ਼ਨ ਦੌਰਾਨ ਓਲਡ ਟਰੈਫਰਡ ਦੇ ਇੰਡੋਰ ਨੈੱਟ ’ਤੇ ਲਗਪਗ 30 ਮਿੰਟ ਤੱਕ ਗੇਂਦਬਾਜ਼ੀ ਕੀਤੀ। ਜਿਨ੍ਹਾਂ ਹੋਰ ਖਿਡਾਰੀਆਂ ਨੇ ਨੈੱਟ ਸੈਸ਼ਨ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਕਪਤਾਨ ਵਿਰਾਟ ਕੋਹਲੀ, ਹਰਫ਼ਨਮੌਲਾ ਵਿਜੈ ਸ਼ੰਕਰ ਅਤੇ ਰਵਿੰਦਰ ਜਡੇਜਾ ਸ਼ਾਮਲ ਸਨ। ਫਿਜ਼ਿਓ ਪੈਟਰਿਕ ਫਰਹਰਟ ਨੇ ਭੁਵਨੇਸ਼ਵਰ ’ਤੇ ਨਜ਼ਰ ਰੱਖੀ। ਉਸ ਨੇ ਖੁੱਲ੍ਹ ਕੇ ਵਿਕਟ ’ਤੇ ਗੇਂਦਬਾਜ਼ੀ ਕੀਤੀ, ਜਦਕਿ ਬੱਲੇਬਾਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰ ਰਹੇ ਸਨ। ਇਸ ਮੌਕੇ ’ਤੇ ਚੋਣ ਕਮੇਟੀ ਦੇ ਪ੍ਰਧਾਨ ਐਮਐਸਕੇ ਪ੍ਰਸਾਦ ਅਤੇ ਉਸ ਦੇ ਸਾਥੀ ਜਤਿਨ ਪਰਾਂਜਪੇ ਅਤੇ ਗਗਨ ਖੋੜਾ ਵੀ ਮੌਜੂਦ ਸਨ। ਪ੍ਰਸਾਦ ਨੇ ਗੇਂਦਬਾਜ਼ ਅਤੇ ਫਿਜਿਓ ਨਾਲ ਗੱਲ ਵੀ ਕੀਤੀ। ਭੁਵਨੇਸ਼ਵਰ ਵੈਸਟ ਇੰਡੀਜ਼ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਮੈਚ ਵਿੱਚ ਨਹੀਂ ਖੇਡ ਸਕੇਗਾ, ਪਰ ਉਹ ਇੰਗਲੈਂਡ ਖ਼ਿਲਾਫ਼ 30 ਜੂਨ ਨੂੰ ਬਰਮਿੰਘਮ ਵਿੱਚ ਹੋਣ ਵਾਲੇ ਮੈਚ ਲਈ ਮੌਜੂਦ ਹੋ ਸਕਦਾ ਹੈ। ਜੇਕਰ ਉਹ ਇੰਗਲੈਂਡ ਖ਼ਿਲਾਫ਼ ਮੈਚ ਲਈ ਫਿੱਟ ਹੋ ਜਾਂਦਾ ਹੈ ਤਾਂ ਫਿਰ ਟੀਮ ਪ੍ਰਬੰਧਨ ਨੂੰ ਮੁੜ ਟੀਮ ਚੁਣਨੀ ਪਵੇਗੀ ਕਿਉਂਕਿ ਉਸ ਦੀ ਥਾਂ ਟੀਮ ਵਿੱਚ ਸ਼ਾਮਲ ਮੁਹੰਮਦ ਸ਼ਮੀ ਨੇ ਅਫ਼ਗਾਨਿਸਤਾਨ ਖ਼ਿਲਾਫ਼ ਹੈਟ੍ਰਿਕ ਬਣਾਈ ਸੀ।
INDIA ਫਰਹਰਟ ਦੀ ਨਿਗਰਾਨੀ ’ਚ ਭੁਵੀ ਨੇ ਕੀਤਾ ਅਭਿਆਸ