ਜਨਮ ਦਿਨ ਪਾਰਟੀ ’ਚ ਸ਼ਰਾਬ ਪੀਂਦੇ ਹੋਏ ਧਾਰਮਿਕ ਜੈਕਾਰੇ ਲਾਉਣ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਨੌਜਵਾਨਾਂ ਦੀ ਇੱਕ ਵੀਡੀਓ ਕਾਰਨ ਸਿੱਖ ਸੰਗਤਾਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਨੌਜਵਾਨਾਂ ਦੇ ਖਿਲਾਫ਼ ਸਿੱਖ ਸੰਸਥਾਵਾਂ ਨੇ ਕਾਰਵਾਈ ਦੀ ਮੰਗ ਕੀਤੀ ਤੇ ਮੰਗਲਵਾਰ ਦੀ ਸ਼ਾਮ ਨੂੰ ਜਗਰਾਉਂ ਪੁੱਲ ’ਤੇ ਧਰਨਾ ਲਾ ਕੇ ਜਾਮ ਲਾਇਆ। ਇਸ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਟਰੈਫ਼ਿਕ ਜਾਮ ਵਰਗਾ ਮਾਹੌਲ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਨੌਜਵਾਨਾਂ ’ਤੇ ਕਾਰਵਾਈ ਦੀ ਮੰਗ ਲੈ ਕੇ ਅੜੇ ਰਹੇ। ਖਬਰ ਲਿਖੇ ਜਾਣ ਤੱਕ ਹਾਲੇ ਕੋਈ ਹੱਲ ਨਹੀਂ ਨਿਕਲਿਆ ਸੀ। ਪ੍ਰਦਰਸ਼ਨਕਾਰੀ ਜਾਮ ਲਾ ਕੇ ਬੈਠੇ ਹੋਏ ਸਨ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਕੁਝ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਈ। ਇਸ ’ਚ ਕੁਝ ਨੌਜਵਾਨ ਆਪਣੇ ਹੀ ਇੱਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਸਨ। ਜਨਮ ਦਿਨ ’ਤੇ ਘਰ ’ਚ ਦਾਖਲ ਹੋਣ ਤੋਂ ਪਹਿਲਾਂ ਨੌਜਵਾਨ ਸ਼ਰਾਬ ਦੀ ਬੋਤਲ ਖੋਲ੍ਹ ਕੇ ਘਰ ਦੇ ਬਾਹਰ ਸ਼ਰਾਬ ਡੋਲ੍ਹਦੇ ਹਨ ਤੇ ਸਾਰਿਆਂ ਦਾ ਸੁਆਗਤ ਕਰ ਰਹੇ ਹਨ। ਇਸੇ ਦੌਰਾਨ ਬਾਹਰ ਖੜ੍ਹੇ ਨੌਜਵਾਨਾਂ ’ਚੋਂ ਕੁਝ ਨੌਜਵਾਨ ਧਾਰਮਿਕ ਜੈਕਾਰੇ ਲਾ ਰਹੇ ਹਨ। ਉਸ ਮਗਰੋਂ ਨੌਜਵਾਨ ਇੱਕ ਕਮਰੇ ’ਚ ਜਾਂਦੇ ਹਨ ਤੇ ਉਥੇਂ ਇੱਕ ਹੀ ਵੱਡੇ ਬਾਟੇ ’ਚ ਸ਼ਰਾਬ ਪਾ ਕੇ ਉਸ ਨੂੰ ਵਾਰੀ ਵਾਰੀ ਸਾਰੇ ਪੀਂਦੇ ਹਨ। ਸੋਮਵਾਰ ਨੂੰ ਅੱਗ ਦੀ ਤਰ੍ਹਾਂ ਫੈਲੀ ਵੀਡੀਓ ਨੂੰ ਦੇਖ ਕੇ ਸਿੱਖ ਜੱਥੇਬੰਦੀਆਂ ਵਿੱਚ ਕਾਫ਼ੀ ਰੋਸ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਇੱਕ ਜਿੰਮ ਵਿੱਚ ਇਕੱਠੇ ਕਸਰਤ ਕਰਦੇ ਹਨ ਤੇ ਸਾਰੇ ਦੋਸਤ ਆਪਣੇ ਹੀ ਇੱਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਸਨ। ਮੰਗਲਵਾਰ ਦੀ ਸ਼ਾਮ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਜਗਰਾਉਂ ਪੁਲ ’ਤੇ ਜਾਮ ਲਾ ਦਿੱਤਾ ਗਿਆ ਤੇ ਕਾਰਵਾਈ ਦੀ ਮੰਗ ਕੀਤੀ। ਹਾਲੇ ਅਧਿਕਾਰੀਆਂ ਤੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਵਿੱਚ ਗੱਲਬਾਤ ਚੱਲ ਰਹੀ ਹੈ, ਪਰ ਇਸ ਦਾ ਕੋਈ ਨਤੀਜਾ ਹਾਲੇ ਤੱਕ ਨਹੀਂ ਨਿਕਲਿਆ ਸੀ। ਜਾਮ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲਗ ਗਈਆਂ।
INDIA ਧਾਰਮਿਕ ਜੈਕਾਰਿਆਂ ਦਾ ਮਾਮਲਾ: ਸਿੱਖ ਜਥੇਬੰਦੀਆਂ ਨੇ ਲਾਇਆ ਜਾਮ