ਭਾਰਤ ਦੇ ਜੂਨੀਅਰ ਮਹਿਲਾ ਮੁੱਕੇਬਾਜ਼ਾਂ ਨੇ ਜਰਮਨੀ ਵਿੱਚ ਹੋਏ ਬਲੈਕ ਫਾਰੈਸਟ ਕੱਪ ਵਿੱਚ ਪੰਜ ਸੋਨ ਤਗ਼ਮਿਆਂ ਸਣੇ ਸੱਤ ਤਗ਼ਮੇ ਆਪਣੇ ਨਾਮ ਕੀਤੇ ਅਤੇ ਟੂਰਨਾਮੈਂਟ ਵਿੱਚ ਸਰਵੋਤਮ ਟੀਮ ਦਾ ਖ਼ਿਤਾਬ ਵੀ ਜਿੱਤਿਆ। ਸੋਨ ਤਗ਼ਮੇ ਜਿੱਤਣ ਵਾਲੀ ਹਰਿਆਣਾ ਦੀ ਨੇਹਾ (54 ਕਿਲੋ) ਅਤੇ ਕਰਨਾਟਕਾ ਦੀ ਅੰਜੂ ਦੇਵੀ (50 ਕਿਲੋ) ਨੂੰ ਕ੍ਰਮਵਾਰ ਟੂਰਨਾਮੈਂਟ ਦੀ ਸਰਵੋਤਮ ਮੁੱਕੇਬਾਜ਼ ਅਤੇ ਉਭਰਦੀ ਖਿਡਾਰਨ ਐਲਾਨਿਆ ਗਿਆ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ਭਾਰਤ ਦੇ 13 ਮੁੱਕੇਬਾਜ਼ਾਂ ਦੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚ ਨੇਹਾ ਅਤੇ ਅੰਜੂ ਤੋਂ ਇਲਾਵਾ ਐਚ ਅੰਬੇਸ਼ਰੀ ਦੇਵੀ (57 ਕਿਲੋ), ਤਮੰਨਾ (48 ਕਿਲੋ) ਅਤੇ ਪ੍ਰੀਤੀ ਦਹੀਆ (60 ਕਿਲੋ) ਨੇ ਵੀ ਸੋਨ ਤਗ਼ਮੇ ਹਾਸਲ ਕੀਤੇ, ਜਦੋਂਕਿ ਤਨੂ (52 ਕਿਲੋ) ਅਤੇ ਆਸ਼ਰਿਆ ਦਿਨੇਸ਼ ਨਾਈਕ (63 ਕਿਲੋ) ਨੂੰ ਚਾਂਦੀ ਦੇ ਤਗ਼ਮੇ ਮਿਲੇ।ਟੂਰਨਾਮੈਂਟ ਦੇ ਮੁਕਾਬਲਿਆਂ ਦੌਰਾਨ ਤਮੰਨਾ ਨੇ ਯੂਕਰੇਨ ਦੀ ਦਾਰੀਆਂ ਨੂੰ 4-1 ਨਾਲ ਹਰਾਇਆ, ਜਦੋਂਕਿ ਨੇਹਾ ਨੇ ਲਿਥੂਆਨੀਆ ਦੀ ਖਿਡਾਰਨ ਕਾਰਾ ਕੋਰਨੈਲਿਜਾ ਨੂੰ ਪਹਿਲੇ ਹੀ ਗੇੜ ਵਿੱਚ ਚਿੱਤ ਕੀਤਾ। ਇਸੇ ਤਰ੍ਹਾਂ ਅੰਜੂ ਨੇ ਜਰਮਨੀ ਦੀ ਫਾਤਿਮਾ ਨੂੰ 5-0 ਨਾਲ ਮਾਤ ਦਿੱਤੀ, ਜਦੋਂਕਿ ਅੰਬੇਸ਼ਰੀ ਅਤੇ ਪ੍ਰੀਤੀ ਨੇ ਕ੍ਰਮਵਾਰ ਹੰਗਰੀ ਦੀ ਵਾਰਗਾ ਬੀਟਾ ਨੂੰ 5-0 ਨਾਲ ਅਤੇ ਜਰਮਨੀ ਦੀ ਟੁਟਲ ਲੁਟਫਾਈ ਨੂੰ ਇਸੇ ਫ਼ਰਕ ਨਾਲ ਹਰਾ ਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਤਨੂ ਜਰਮਨੀ ਦੀ ਲਾਰਾ ਤੋਂ ਬਹੁਤ ਕਰੀਬੀ ਮੁਕਾਬਲੇ ਵਿੱਚ 2-3 ਨਾਲ ਹਾਰ ਗਈ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਆਸ਼ਰਿਆ ਦਿਨੇਸ਼ ਨਾਇਕ ਵੀ ਹੈਕ ਜੈਨਿਨ ਦੀ ਚੁਣੌਤੀ ਪਾਰ ਨਹੀਂ ਕਰ ਸਕੀ ਅਤੇ ਉਸ ਨੂੰ 5-0 ਨਾਲ ਹਾਰ ਝੱਲਣੀ ਪਈ। ਟੂਰਨਾਮੈਂਟ ਵਿੱਚ ਭਾਰਤ ਅਤੇ ਜਰਮਨੀ ਸਣੇ ਦਸ ਦੇਸ਼ਾਂ ਨੇ ਹਿੱਸਿਆ ਲਿਆ ਸੀ। ਇਨ੍ਹਾਂ ਵਿੱਚ ਯੂਕਰੇਨ, ਕਜ਼ਾਕਿਸਤਾਨ, ਲਾਤਵੀਆ, ਹੰਗਰੀ, ਲਿਥੂਆਨਿਆ, ਮੰਗੋਲੀਆ, ਯੂਨਾਨ ਅਤੇ ਪੋਲੈਂਡ ਦੀਆਂ ਟੀਮਾਂ ਸ਼ਾਮਲ ਸਨ।
Sports ਜੂਨੀਅਰ ਮਹਿਲਾ ਮੁੱਕੇਬਾਜ਼ੀ: ਭਾਰਤ ਨੇ ਪੰਜ ਸੋਨ ਤਗ਼ਮੇ ਜਿੱਤੇ