ਨੇੜਲੇ ਪਿੰਡ ਘੁੰਮਣ ਖ਼ੁਰਦ ਦੇ ਨੌਜਵਾਨਾਂ ਨੇ ਆਪਣੇ ਪਿੰਡ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਹੈ। ਇਨ੍ਹਾਂ ਗੱਭਰੂਆਂ ਵਿਚ ਜਜ਼ਬਾ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਨੇ ਖ਼ੁਦ ਰੰਗ ਵਾਲੇ ਬੁਰਸ਼ ਹੱਥਾਂ ਵਿਚ ਚੁੱਕ ਲਏ ਤੇ ਕੁਝ ਮਹੀਨਿਆਂ ’ਚ ਹੀ ਪੂਰੇ ਪਿੰਡ ਨੂੰ ਸਫ਼ੈਦ ਰੰਗ ਨਾਲ ਖੂਬਸੂਰਤ ਬਣਾ ਦਿੱਤਾ। ਬਾਰਾ ਸਿੰਘ, ਅਵਤਾਰ ਸਿੰਘ, ਗੁਰਜਿੰਦਰ ਸਿੰਘ, ਜਗਸੀਰ ਸਿੰਘ, ਰਣਜੀਤ ਸਿੰਘ ਅਤੇ ਤਰਲੋਚਨ ਸਿੰਘ ਨੇ ਸਮਾਜਿਕ ਬੁਰਾਈਆਂ ਖ਼ਿਲਾਫ਼ ਚਿੱਤਰਕਾਰੀ ਰਾਹੀਂ ਸੁੰਦਰ ਤਸਵੀਰਾਂ ਬਣਾ ਦਿੱਤੀਆਂ ਜੋ ਬਾਹਰੋਂ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਬਗ਼ੈਰ ਕਿਸੇ ਸਰਕਾਰੀ ਮਦਦ ਦੇ ਇਨ੍ਹਾਂ ਨੌਜਵਾਨਾਂ ਨੇ ਹੁਣ ਤੱਕ ਪੰਜ ਲੱਖ ਰੁਪਏ ਦੇ ਕਰੀਬ ਖ਼ਰਚ ਕਰ ਦਿੱਤੇ ਹਨ ਜਿਸ ਵਿਚ ਘਰਾਂ ਦੀ ਸਫ਼ੈਦੀ, ਸੁੰਦਰ ਤਸਵੀਰਾਂ ਦੇ ਨਾਲ-ਨਾਲ ਪੂਰੇ ਪਿੰਡ ਵਿਚ ਸਜਾਵਟੀ ਬੂਟੇ ਵੀ ਲਗਾਏ ਗਏ ਹਨ। ਉਦਮੀ ਨੌਜਵਾਨ ਬਾਰਾ ਸਿੰਘ ਦੱਸਦਾ ਹੈ ਕਿ ਕੁਝ ਮਹੀਨੇ ਪਹਿਲਾਂ ਤੱਕ ਪਿੰਡ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਸੀ, ਜਿਸ ਨੂੰ ਮੁੰਡਿਆਂ ਨੇ ਮਿਲ ਕੇ ਦਰੁਸਤ ਕਰ ਦਿੱਤਾ। ਪਿੰਡ ਵਾਲਿਆਂ ਤੋਂ ਪ੍ਰਾਪਤ ਹੋਏ ਸਹਿਯੋਗ ਤੋਂ ਇਨ੍ਹਾਂ ਨੌਜਵਾਨਾਂ ਦੇ ਹੌਸਲੇ ਇੰਨੇ ਬੁਲੰਦ ਹੋਏ ਕਿ ਇਨ੍ਹਾਂ ਮਿਲ ਕੇ ਪੂਰੇ ਪਿੰਡ ਨੂੰ ਖ਼ੂਬਸੂਰਤ ਬਣਾਉਣ ਦੀ ਠਾਣ ਲਈ ਅਤੇ ਸੁੰਦਰ ਤਸਵੀਰਾਂ ਨਾਲ ਪੂਰੇ ਪਿੰਡ ਦੀਆਂ ਸਾਂਝੀਆਂ ਸੰਸਥਾਵਾਂ ਨੂੰ ਵਿਲੱਖਣ ਬਣਾ ਦਿੱਤਾ ਜੋ ਪੰਜਾਬੀ ਵਿਰਸੇ ਦੀ ਬਾਤ ਪਾਉਂਦੀਆਂ ਹਨ। ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਲਈ ਦੇਸ਼ ਭਗਤਾਂ ਨਾਲ ਸਬੰਧਤ ਚਿੱਤਰਕਾਰੀ ਕੀਤੀ ਗਈ ਹੈ। ਭਾਵੇਂ ਆਬਾਦੀ ਪੱਖੋਂ ਪਿੰਡ ਬਹੁਤ ਛੋਟਾ ਹੈ, ਪਰ ਨੌਜਵਾਨਾਂ ਦੀ ਸਿਰੜ ਬਹੁਤ ਵੱਡੀ ਹੈ। ਇਸ ਪਿੰਡ ਦੀ ਏਕਤਾ ਦੀ ਗੁਆਂਢੀ ਪਿੰਡਾਂ ਵਿਚ ਵੀ ਚਰਚਾ ਹੈ। ਪਿੰਡ ਦੀ ਗਰਾਮ ਪੰਚਾਇਤ ਇਸ ਸਾਲ ਸਰਬਸੰਮਤੀ ਨਾਲ ਚੁਣੀ ਗਈ ਹੈ। ਸਰਪੰਚ ਬੁੱਧ ਸਿੰਘ ਦਾ ਕਹਿਣਾ ਹੈ ਮੁੰਡਿਆਂ ਨੇ ਪੂਰੇ ਪਿੰਡ ਵਾਸੀਆਂ ਦਾ ਮਨ ਜਿੱਤ ਲਿਆ ਹੈ ਤੇ ਸਾਰਾ ਪਿੰਡ ਇਨ੍ਹਾਂ ਹੋਣਹਾਰ ਮੁੰਡਿਆਂ ਦੀ ਹਰ ਪੱਖ ਤੋਂ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤ ਵੱਲੋਂ ਪਿੰਡ ਵਿਚ ਸਜਾਵਟੀ ਬੂਟੇ ਲਗਵਾਉਣ ਲਈ ਸਹਾਇਤਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਹੈ। ਪਿੰਡ ਨੂੰ ਨਸ਼ਾ-ਮੁਕਤ ਕਰਨ ਲਈ ਇਹ ਨੌਜਵਾਨ ਹਰ ਹੰਭਲਾ ਮਾਰ ਰਹੇ ਹਨ। ਗੱਭਰੂ ਖ਼ੁਸ਼ੀ ਨਾਲ ਦੱਸਦੇ ਹਨ ਕਿ ਜੇ ਸਰਕਾਰ ਵੱਲੋਂ ਕੁਝ ਮਾਲੀ ਇਮਦਾਦ ਮਿਲਦੀ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਸੰਕਲਪ ਕੀਤਾ ਕਿ ਪਿੰਡ ਦੀ ਸੱਥ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਜਗ੍ਹਾ ਨੂੰ ਆਰਾਮਦੇਹ ਬਣਾਇਆ ਜਾਵੇਗਾ।
Uncategorized ਗੱਭਰੂਆਂ ਨੇ ਬਦਲੀ ਘੁੰਮਣ ਖੁਰਦ ਦੀ ਨੁਹਾਰ